ਜੰਮੂ-ਕਸ਼ਮੀਰ ''ਚ ਇਸ ਸਾਲ ਹੁਣ ਤੱਕ 50 ਅੱਤਵਾਦੀ ਮਾਰੇ ਗਏ

04/24/2020 1:57:46 PM

ਜੰਮੂ- ਜੰਮੂ-ਕਸ਼ਮੀਰ 'ਚ ਇਸ ਸਾਲ ਹੁਣ ਤੱਕ ਅੱਤਵਾਦੀਆਂ ਵਿਰੁੱਧ ਸੁਰੱਖਿਆ ਫੋਰਸਾਂ ਦੀਆਂ ਮੁਹਿੰਮਾਂ 'ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਕਈ ਸੀਨੀਅਰ ਕਮਾਂਡਰਾਂ ਸਮੇਤ 50 ਅੱਤਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਅੱਤਵਾਦੀਆਂ ਵਿਰੁੱਧ ਮੁਹਿੰਮਾਂ 'ਚ ਸੁਰੱਖਿਆ ਫੋਰਸਾਂ ਦੇ 17 ਜਵਾਨ ਸ਼ਹੀਦ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਪਿਛਲੇ ਚਾਰ ਮਹੀਨਿਆਂ 'ਚ 9 ਆਮ ਨਾਗਰਿਕਾਂ ਦਾ ਕਤਲ ਕੀਤਾ ਹੈ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ 18 ਅੱਤਵਾਦੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਬੰਦ ਦੌਰਾਨ ਮਾਰੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ 15 ਮਾਰਚ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਦਿਆਲਗਾਮ ਇਲਾਕੇ 'ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ ਲਸ਼ਕਰ ਦੇ ਜ਼ਿਲਾ ਕਮਂਡਰ ਮੁਜ਼ੱਫਰ ਅਹਿਮਦ ਭੱਟ ਸਮੇਤ ਚਾਰ ਅੱਤਵਾਦੀ ਮਾਰੇ ਗਏ ਸਨ। ਉਨਾਂ ਨੇ ਦੱਸਿਆ ਕਿ 25 ਜਨਵਰੀ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤਰਾਲ ਇਲਾਕੇ 'ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ ਤਿੰਨ ਅੱਤਵਾਦੀ ਮਾਰੇ ਗਏ ਸਨ, ਜਿਸ 'ਚ ਜੈਸ਼-ਏ-ਮੁਹੰਮਦ ਦਾ ਮੁਖੀ ਕਾਰੀ ਯਾਸਿਰ ਸ਼ਾਮਲ ਹੈ।

ਅਧਿਕਾਰੀ ਨੇ ਕਿਹਾ ਕਿ 23 ਜਨਵਰੀ ਨੂੰ ਇਕ ਹੋਰ ਅੱਤਵਾਦੀ ਕਮਾਂਡਰ ਅਬੂ ਸੈਫੁੱਲਾ ਉਰਫ ਅੱਬੂ ਕਾਸਿਮ, ਪੁਲਵਾਮਾ 'ਚ ਮਾਰਿਆ ਗਿਆ। ਉਨਾਂ ਨੇ ਕਿਹਾ ਕਿ 9 ਅਪ੍ਰੈਲ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਸੋਪੋਰ 'ਚ ਸੁਰੱਖਿਆ ਫੋਰਸਾਂ ਨੇ ਜੈਸ਼-ਏ-ਮੁਹੰਮਦ ਦੇ ਕਮਾਂਡਰ ਸੱਜਾਦ ਨਵਾਬ ਡਾਰ ਨੂੰ ਢੇਰ ਕਰ ਦਿੱਤਾ ਸੀ। ਉਨਾਂ ਨੇ ਦੱਸਿਆ ਕਿ ਇਸ ਸਾਲ ਅੱਤਵਾਦੀਆਂ ਨੇ 9 ਆਮ ਨਾਗਰਿਕਾਂ ਦਾ ਕਤਲ ਕਰ ਦਿੱਤਾ। ਉਨਾਂ ਨੇ ਦੱਸਿਆ ਕਿ ਇਸ ਦੌਰਾਨ ਸੁਰੱਖਿਆ ਫੋਰਸ ਦੇ 17 ਜਵਾਨ ਸ਼ਹੀਦ ਹੋ ਗਏ, ਜਿਸ 'ਚ 13 ਸੁਰੱਖਿਆ ਕਰਮਚਾਰੀ, ਤਿੰਨ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ.ਪੀ.ਓ.)ਅਤੇ ਇਕ ਪੁਲਸ ਕਰਮਚਾਰੀ ਸ਼ਾਮਲ ਹਨ। ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਪਹਿਲੇ ਦੱਸਿਆ ਸੀ ਕਿ ਪਿਛਲੇ ਸਾਲ ਜੰਮੂ-ਕਸ਼ਮੀਰ 'ਚ 160 ਅੱਤਵਾਦੀ ਮਾਰੇ ਗਏ ਸਨ ਅਤੇ 102 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।


DIsha

Content Editor

Related News