ਬੋਹੇਮੀਆ ਤੇ ਡਿਨੋ ਜੇਮਸ ਤੋਂ ਪ੍ਰੇਰਣਾ ਲੈ ਕੇ ‘ਰੈਪਰ’ ਦੀ ਦੁਨੀਆ ’ਚ ਧੱਕ ਪਾ ਰਿਹੈ ਇਹ ਕਸ਼ਮੀਰੀ ਮੁੰਡਾ

07/27/2021 10:45:34 AM

ਸ਼ੋਪੀਆਂ— ਜੰਮੂ-ਕਸ਼ਮੀਰ ਦੇ ਨੌਜਵਾਨ ਵੀ ਆਪਣੀ ਕਲਾ ਜ਼ਰੀਏ ਲੋਕਾਂ ਦੇ ਦਿਲਾਂ ’ਚ ਥਾਂ ਬਣਾ ਰਹੇ ਹਨ। ਕੁਝ ਅਜਿਹਾ ਹੀ ਵੱਖਰੀ ਪਛਾਣ ਦਾ ਮਾਲਕ ਬਣਿਆ ਹੈ ਸਾਕਿਬ ਏਜਾਜ਼ ਜੋ ਕਿ ਇਕ ਉੱਭਰਦਾ ਰੈਪਰ ਹੈ। ਉਹ ਗਾਉਂਦਾ ਹੀ ਨਹੀਂ ਸਗੋਂ ਗਾਣੇ ਲਿਖਦਾ ਵੀ ਹੈ। ਮਹਿਜ 17 ਸਾਲ ਦਾ ਏਜਾਜ਼ ਆਪਣੇ ਹੁਨਰ ਸਦਕਾ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਏਜਾਜ਼ ਇਸ ਸਮੇਂ ਆਪਰੇਸ਼ਨ ਥੀਏਟਰ ਤਕਨਾਲੋਜੀ (ਓ. ਟੀ. ਟੀ.) ਵਿਚ ਡਿਪਲੋਮਾ ਕਰ ਰਿਹਾ ਹੈ ਅਤੇ ਮੌਜੂਦਾ ਸਮੇਂ ’ਚ ਆਪਣੇ ਕੋਰਸ ਦੇ ਦੂਜੇ ਸਾਲ ’ਚ ਹੈ। 

ਏਜਾਜ਼ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੋਟੀ ਉਮਰ ਹੀ ਰੈਪਰ ਬਣ ਦੀ ਇੱਛਾ ਸੀ। ਏਜਾਜ਼ ਨੇ ਅੱਗੇ ਦੱਸਿਆ ਕਿ ਉਹ ਬੋਹੇਮੀਆ ਅਤੇ ਡਿਨੋ ਜੇਮਸ ਸਮੇਤ ਲੋਕਪਿ੍ਰਅ ਚਿਹਰਿਆਂ ਤੋਂ ਪ੍ਰੇਰਣਾ ਲੈਂਦੇ ਹਨ, ਉਨ੍ਹਾਂ ਨੂੰ ਆਪਣਾ ਗੁਰੂ ਮੰਨਦਾ ਹੈ। ਮੇਰੇ ਪਰਿਵਾਰ ਨੇ ਹਮੇਸ਼ਾ ਮੇਰੇ ਸੁਫ਼ਨਿਆਂ ਲਈ ਮੇਰਾ ਪੂਰਾ ਸਹਿਯੋਗ ਕੀਤਾ ਹੈ। 

ਏਜਾਜ਼ ਨੇ ਦੱਸਿਆ ਕਿ ਆਪਣੇ ਜਨੂੰਨ ਨੂੰ ਪੂਰਾ ਕਰਨ ਅਤੇ ਜਨਤਾ ਸਾਹਮਣੇ ਆਪਣੇ ਹੁਨਰ ਨੂੰ ਦਿਖਾਉਣ ਲਈ ਉਸ ਨੇ ‘ਸਾਕਿਬ ਐਕਸ’ ਨਾਂ ਤੋਂ ਇਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ। ਮੇਰੇ ਕੋਲ ਪਹਿਲਾਂ ਤੋਂ ਹੀ 2-3 ਗਾਣੇ ਹਨ ਅਤੇ ਮੇਰੇ ਚਾਹੁੰਣ ਵਾਲਿਆਂ ਨੇ ਮੇਰੀ ਚੰਗੀ ਹੌਂਸਲਾ ਅਫ਼ਜ਼ਾਈ ਕੀਤੀ ਹੈ। ਉਸ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਅਤੇ ਪਾਬੰਦੀਆਂ ਕਾਰਨ ਉਸ ਨੂੰ ਆਪਣੇ ਹੁਨਰ ਨੂੰ ਨਿਖਾਰਣ ਦਾ ਮੌਕਾ ਮਿਲਿਆ। ਇਸ ਦੌਰਾਨ ਉਸ ਨੂੰ ਗੀਤ ਲਿਖਣ ਦਾ ਬਹੁਤ ਸਮਾਂ ਮਿਲਿਆ। ਉਸ ਨੇ ਕਿਹਾ ਕਿ ਉਸ ਦੀ ਇੱਛਾ ਹੈ ਕਿ ਬਾਲੀਵੁੱਡ ਵਿਚ ਅਭਿਨੈ ਕਰੇ।

Tanu

This news is Content Editor Tanu