ਜੰਮੂ-ਕਸ਼ਮੀਰ ਦੇ ਸੁਰੱਖਿਆ ਮੁਲਾਜ਼ਮ ਚਾਰ ਦਿਨ ਅੰਦਰ ਅਸਤੀਫੇ  ਦੇਣ ਨਹੀਂ ਤਾਂ ਮਰਨ ਲਈ ਤਿਆਰ ਰਹਿਣ

09/20/2018 3:29:55 AM

ਸ਼੍ਰੀਨਗਰ–ਪੋਸਟਰਾਂ ਰਾਹੀ ਐੱਸ. ਪੀ. ਓਜ਼ ਅਤੇ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਛੱਡਣ ਦਾ ਫਰਮਾਨ ਸੁਣਾਉਣ ਪਿੱਛੋਂ ਹਿਜ਼ਬੁਲ ਮੁਜਾਹਿਦੀਨ ਨੇ ਹੁਣ ਇਕ ਵੀਡੀਓ ਜਾਰੀ ਕਰਕੇ ਸੂਬੇ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਚਾਰ ਦਿਨ ਅੰਦਰ ਨੌਕਰੀ ਛੱਡਣ ਜਾਂ ਮਰਨ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਹੈ।
ਉਕਤ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਖਣੀ ਕਸ਼ਮੀਰ ਦੇ ਹਰਮੇਨ ਵਿਖੇ ਅੱਤਵਾਦੀਆਂ ਨੇ ਇਕ ਮਸਜਿਦ ਦੇ ਲਾਊਡ ਸਪੀਕਰ ਤੋਂ ਐਲਾਨ ਕਰਕੇ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਛੱਡਣ ਲਈ ਕਿਹਾ। ਹਿਜ਼ਬੁਲ ਦੇ ਉਕਤ ਧਮਕੀ ਭਰੇ ਵੀਡੀਓ ’ਚ ਜੰਮੂ-ਕਸ਼ਮੀਰ ਪੁਲਸ ਦੇ ਜਵਾਨਾਂ ਤੇ ਅਧਿਕਾਰੀਆਂ ਦੀਆਂ ਤਸਵੀਰਾਂ ਹਨ। 
ਕੀ ਹੈ ਵੀਡੀਓ ’ਚ : ਵੀਡੀਓ ’ਚ ਇਕ ਅੱਤਵਾਦੀ ਕਮਾਂਡਰ ਕਸ਼ਮੀਰੀ ਭਾਸ਼ਾ ’ਚ ਬੋਲ ਰਿਹਾ ਹੈ। ਉਹ ਕਹਿੰਦਾ ਹੈ ਕਿ ਕਸ਼ਮੀਰ ਦੇ ਕਈ ਨੌਜਵਾਨ ਪੁਲਸ, ਫੌਜ, ਸੀ. ਆਰ. ਪੀ. ਐੈੱਫ. ਅਤੇ ਬੀ. ਐੈੱਸ. ਐੈੱਫ. ਸਮੇਤ ਵੱਖ-ਵੱਖ ਸੁਰੱਖਿਆ ਏਜੰਸੀਆਂ ਵਿਚ ਕੰਮ ਕਰ ਰਹੇ ਹਨ। ਅਸੀਂ ਇਨ੍ਹਾਂ ਸਾਰਿਆਂ ਨੂੰ ਅਸਤੀਫਾ ਦੇਣ ਲਈ ਚਾਰ ਦਿਨ ਦਾ ਸਮਾਂ ਦਿੰਦੇ ਹਾਂ। ਉਕਤ ਕਮਾਂਡਰ ਨੇ ਕਿਹਾ ਕਿ ਅਸਤੀਫੇ ਨੂੰ ਇੰਟਰਨੈੱਟ ਨੂੰ ਅਪਲੋਡ ਕੀਤਾ ਜਾਵੇ ਅਤੇ ਮਸਜਿਦਾਂ ਤੋਂ ਇਸ ਦਾ ਐਲਾਨ ਹੋਵੇ। ਉਸ ਨੇ ਕਿਹਾ ਕਿ ਅਸੀਂ ਕਈ ਵਾਰ ਚਿਤਾਵਨੀ ਦੇ ਚੁੱਕੇ ਹਾਂ। ਇਹ ਆਖਰੀ ਚਿਤਾਵਨੀ ਹੈ। 4 ਦਿਨ ਅੰਦਰ ਨੌਕਰੀ ਛੱਡ ਦਿਓ ਜਾਂ ਫਿਰ ਮਰਨ ਲਈ ਤਿਆਰ  ਹੋ ਜਾਓ।