ਜੰਮੂ-ਕਸ਼ਮੀਰ ''ਚ ਡੀਡੀਸੀ ਚੋਣਾਂ ਦੇ ਛੇਵੇਂ ਪੜਾਅ ''ਚ 51.5 ਫ਼ੀਸਦੀ ਤੋਂ ਵਧ ਵੋਟਾਂ ਪਈਆਂ

12/14/2020 6:00:47 PM

ਜੰਮੂ(ਭਾਸ਼ਾ) — ਜੰਮੂ-ਕਸ਼ਮੀਰ ਵਿਚ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਦੀਆਂ ਚੋਣਾਂ ਦੇ ਛੇਵੇਂ ਪੜਾਅ ਵਿਚ 18 ਜ਼ਿਲ੍ਹਿਆਂ ਦੀਆਂ 31 ਸੀਟਾਂ ਲਈ ਵੋਟਿੰਗ ਹੋਈ।   ਐਤਵਾਰ ਨੂੰ ਹੋਈ ਇਸ ਵੋਟਿੰਗ 'ਚ 51.5 ਪ੍ਰਤੀਸ਼ਤ ਤੋਂ ਵੱਧ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਲਾਕੇ 'ਚ ਕੁੱਲ 7.48 ਲੱਖ ਵੋਟਰ ਹਨ। ਸੂਬੇ ਦੇ ਚੋਣ ਕਮਿਸ਼ਨਰ ਕੇ.ਕੇ. ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਪੂਰੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਪੋਲਿੰਗ ਹੋਈ। ਜੰਮੂ ਡਵੀਜ਼ਨ ਵਿਚ 68.56 ਪ੍ਰਤੀਸ਼ਤ ਅਤੇ ਕਸ਼ਮੀਰ ਵਿਭਾਗ ਵਿਚ 31.55 ਪ੍ਰਤੀਸ਼ਤ ਮਤਦਾਨ ਹੋਇਆ।

ਚੋਣ ਕਮਿਸ਼ਨਰ ਨੇ ਦੱਸਿਆ ਕਿ ਜੰਮੂ ਦੇ ਪੁੰਛ ਜ਼ਿਲ੍ਹੇ ਵਿਚ ਸਭ ਤੋਂ ਵੱਧ 76.78 ਫੀਸਦ ਵੋਟਿੰਗ ਦਰਜ ਕੀਤੀ ਗਈ ਜਦਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸਭ ਤੋਂ ਘੱਟ 4.60 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ। ਡੀਡੀਸੀ ਚੋਣਾਂ ਦੇ ਛੇਵੇਂ ਪੜਾਅ ਵਿਚ 31 ਸੀਟਾਂ ਲਈ ਮਤਦਾਨ ਹੋ ਰਿਹਾ ਹੈ, ਜਿਨ੍ਹਾਂ ਵਿਚੋਂ 14 ਕਸ਼ਮੀਰ ਖੇਤਰ ਵਿਚ ਅਤੇ 17 ਜੰਮੂ ਖੇਤਰ ਦੀਆਂ ਸੀਟਾਂ ਹਨ। ਚੋਣਾਂ ਸੁਚਾਰੂ ਢੰਗ ਨਾਲ ਕਰਵਾਉਣ ਲਈ 2071 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 1208 ਕਸ਼ਮੀਰ ਖੇਤਰ ਵਿਚ ਅਤੇ 863 ਜੰਮੂ ਖੇਤਰ ਵਿਚ ਸਨ। ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 280 ਡੀਡੀਸੀ ਸੀਟਾਂ ਲਈ ਚੋਣਾਂ ਅੱਠ ਪੜਾਵਾਂ ਵਿਚ ਹੋਣੀਆਂ ਹਨ, ਜੋ 28 ਨਵੰਬਰ ਤੋਂ ਸ਼ੁਰੂ ਹੋਈਆਂ ਸਨ। ਹੁਣ ਤੱਕ 221 ਸੀਟਾਂ ਲਈ ਚੋਣਾਂ ਹੋ ਚੁੱਕੀਆਂ ਹਨ। ਵੋਟਾਂ ਦੀ ਗਿਣਤੀ 22 ਦਸੰਬਰ ਨੂੰ ਹੋਵੇਗੀ।

Harinder Kaur

This news is Content Editor Harinder Kaur