ਜੰਮੂ-ਕਸ਼ਮੀਰ : ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਹੋਵੇਗੀ ਫਾਂਸੀ, ਆਰਡੀਨੈਂਸ ਮਨਜ਼ੂਰ

04/25/2018 10:18:50 AM

ਜੰਮੂ (ਬਲਰਾਮ)— ਕੇਂਦਰ ਸਰਕਾਰ ਦੀ ਤਰਜ਼ 'ਤੇ ਜੰਮੂ-ਕਸ਼ਮੀਰ ਸਰਕਾਰ ਨੇ ਵੀ 12 ਸਾਲ ਤਕ ਦੀਆਂ ਬੱਚੀਆਂ ਦੇ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਸਜ਼ਾ-ਏ-ਮੌਤ (ਫਾਂਸੀ) ਦੇਣ ਦੀ ਵਿਵਸਥਾ ਕੀਤੀ ਹੈ, ਜਦਕਿ 13 ਤੋਂ 16 ਸਾਲ ਤਕ ਦੀਆਂ ਕੁੜੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ 20 ਸਾਲ ਜਾਂ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।
ਉਸ ਤੋਂ ਵੱਧ ਉਮਰ ਦੀਆਂ ਕੁੜੀਆਂ ਤੇ ਔਰਤਾਂ ਨਾਲ ਯੌਨ ਸ਼ੋਸ਼ਣ ਦੇ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਦੀ ਸਜ਼ਾ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਦੇ ਇਲਾਵਾ ਸਰਕਾਰ ਨੇ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਕਰ ਕੇ ਜਬਰ-ਜ਼ਨਾਹ ਸਬੰਧੀ ਮਾਮਲਿਆਂ ਦੀ ਜਾਂਚ ਵਿਚ 2 ਮਹੀਨਿਆਂ 'ਚ ਪੂਰੀ ਕਰਨ ਅਤੇ ਅਦਾਲਤ ਵਿਚ ਕੇਸ ਦਾ ਟ੍ਰਾਇਲ 6 ਮਹੀਨਿਆਂ ਵਿਚ ਪੂਰਾ ਕਰਨ ਦੀ ਵੀ ਵਿਵਸਥਾ ਕੀਤੀ ਗਈ ਹੈ।