ਜੰਮੂ-ਕਸ਼ਮੀਰ ਦੇ DGP ਦਿਲਬਾਗ ਨੇ ਪੁਲਸ ਮੁਲਾਜ਼ਮਾਂ ਨੂੰ ਕਿਹਾ- ਚੌਕਸ ਰਹੋ, ਖ਼ਤਰਾ ਅਜੇ ਟਲਿਆ ਨਹੀਂ

10/30/2023 5:24:31 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਪੁਲਸ ਜਨਰਲ ਡਾਇਰੈਕਟਰ (DGP) ਦਿਲਬਾਗ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਖ਼ਤਰਾ ਅਜੇ ਵੀ ਬਰਕਰਾਰ ਹੈ ਅਤੇ ਪੁਲਸ ਮੁਲਾਜ਼ਮਾਂ ਨੂੰ ਸ਼੍ਰੀਨਗਰ ਦੇ ਇਕ ਮੈਦਾਨ ਵਿਚ ਕ੍ਰਿਕਟ ਖੇਡਦੇ ਸਮੇਂ ਇਕ ਪੁਲਸ ਅਧਿਕਾਰੀ 'ਤੇ ਹਮਲੇ ਵਰਗੀਆਂ ਘਟਨਾਵਾਂ ਨੂੰ ਲੈ ਕੇ ਚੌਕਸ ਅਤੇ ਸਾਵਧਾਨ ਰਹਿਣਾ ਹੋਵੇਗਾ। ਸ਼੍ਰੀਨਗਰ ਦੇ ਇਕ ਕ੍ਰਿਕਟ ਦੇ ਮੈਦਾਨ 'ਚ ਕ੍ਰਿਕਟ ਖੇਡਣ ਦੌਰਾਨ ਲਕਸ਼ਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਸ 'ਚ ਇੰਸਪੈਕਟਰ ਮਸਰੂਰ ਅਹਿਮਦ ਵਾਨੀ ਨੂੰ ਐਤਵਾਰ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਡੀ. ਜੀ. ਪੀ. ਸਿੰਘ ਨੇ ਇਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਚੌਕਸ ਰਹਿਣਾ ਹੋਵੇਗਾ। ਆਲੇ-ਦੁਆਲੇ ਖ਼ਤਰਾ ਅਜੇ ਬਰਕਰਾਰ ਹੈ, ਅਸੀਂ ਇਨ੍ਹਾਂ ਨੂੰ ਹਲਕੇ ਵਿਚ ਨਹੀਂ ਲੈ ਸਕਦੇ। ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ (ਵਾਨੀ) ਜਲਦੀ ਠੀਕ ਹੋ ਜਾਵੇ।

ਇਹ ਪੁੱਛੇ ਜਾਣ 'ਤੇ ਕਿ ਕੀ ਪਾਕਿਸਤਾਨ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਨੇ ਹਮੇਸ਼ਾ ਜੰਮੂ-ਕਸ਼ਮੀਰ 'ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੋਣਾਂ ਹੋਣ ਜਾਂ ਨਾ ਹੋਣ ਪਾਕਿਸਤਾਨ ਹਮੇਸ਼ਾ ਹੀ ਜੰਮੂ-ਕਸ਼ਮੀਰ 'ਚ ਅੱਤਵਾਦ ਨੂੰ ਬਰਕਰਾਰ ਰੱਖਣ ਲਈ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ ਪਰ ਸਾਡੀ ਬਹਾਦਰ ਜੰਮੂ-ਕਸ਼ਮੀਰ ਪੁਲਸ, ਫੌਜ ਸਮੇਤ ਹੋਰ ਬਲਾਂ ਅਤੇ ਲੋਕਾਂ ਦੀ ਹਮਾਇਤ ਸਦਕਾ ਉਸ ਢਾਂਚੇ ਅਤੇ ਦੁਸ਼ਮਣ ਦੇ ਭੈੜੇ ਇਰਾਦਿਆਂ ਨੂੰ ਨਾਕਾਮ ਕਰਨ ਵਿਚ ਕਾਮਯਾਬ ਰਿਹਾ। ਮੈਨੂੰ ਯਕੀਨ ਹੈ ਕਿ ਇਹ ਜਾਰੀ ਰਹੇਗਾ।

ਕੰਟਰੋਲ ਰੇਖਾ (ਐਲ. ਓ. ਸੀ) ਦੇ ਨਾਲ ਘੁਸਪੈਠ ਦੀਆਂ ਕੋਸ਼ਿਸ਼ਾਂ ਵਿਚ ਵਾਧੇ 'ਤੇ, ਡੀ. ਜੀ. ਪੀ ਨੇ ਕਿਹਾ ਕਿ ਸੁਰੱਖਿਆ ਗਰਿੱਡ ਸਰਹੱਦਾਂ ਦੀ ਰੱਖਿਆ ਕਰਨ ਅਤੇ ਦੁਸ਼ਮਣ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਵਿਚ ਸਮਰੱਥ ਹੈ। ਜਵਾਨਾਂ ਦਾ ਮਨੋਬਲ ਬਹੁਤ ਉੱਚਾ ਹੈ। ਉਹ ਸਾਡੀ ਧਰਤੀ ਦੇ ਇਕ-ਇਕ ਇੰਚ ਦੀ ਰਾਖੀ ਕਰ ਰਹੇ ਹਨ। ਇਸ ਸਾਲ ਜ਼ਿਆਦਾਤਰ ਮੁਕਾਬਲੇ ਐਲ. ਓ. ਸੀ 'ਤੇ ਹੋਏ ਹਨ। ਉਨ੍ਹਾਂ ਨੇ ਇਸ ਤਰ੍ਹਾਂ ਹੋਰ ਅੱਤਵਾਦੀ ਭੇਜਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਡੇ ਲੋਕ ਬਹੁਤ ਚੌਕਸ ਹਨ। ਉਹ ਪੂਰੀ ਤਰ੍ਹਾਂ ਤਿਆਰ ਹਨ। ਉਹ ਸਾਡੇ ਵਿਰੋਧੀ ਦੇ ਇਰਾਦਿਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ।

Tanu

This news is Content Editor Tanu