PM ਮੋਦੀ ਨੇ ਕੀਤੀ ਯਾਮੀ ਗੌਤਮ ਦੀ ਫ਼ਿਲਮ ''ਆਰਟੀਕਲ 370'' ਦੀ ਤਾਰੀਫ਼, ਕਿਹਾ- ਹੁਣ ਮਿਲੇਗੀ ਕਸ਼ਮੀਰ ਬਾਰੇ ਸਹੀ ਜਾਣਕਾਰੀ

02/20/2024 5:20:25 PM

ਐਂਟਰਟੇਨਮੈਂਟ ਡੈਸਕ : ਇਨ੍ਹੀਂ ਦਿਨੀਂ ਯਾਮੀ ਗੌਤਮ ਆਪਣੀ ਆਉਣ ਵਾਲੀ ਫ਼ਿਲਮ 'ਆਰਟੀਕਲ 370' ਨੂੰ ਲੈ ਕੇ ਹਰ ਪਾਸੇ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਨੂੰ ਲੈ ਕੇ ਆਮ ਲੋਕ ਹੀ ਨਹੀਂ ਸਗੋਂ ਵੱਡੀਆਂ ਹਸਤੀਆਂ ਵੀ ਚਰਚਾ ਕਰ ਰਹੀਆਂ ਹਨ। ਦੇਸ਼ ਦੇ ਪੀ. ਐੱਮ. ਨਰਿੰਦਰ ਮੋਦੀ ਨੇ ਵੀ ਇਸ ਫ਼ਿਲਮ ਦਾ ਜ਼ਿਕਰ ਕੀਤਾ ਹੈ। ਦਰਅਸਲ, ਇਸ ਸਮੇਂ ਪੀ. ਐੱਮ. ਮੋਦੀ ਜੰਮੂ 'ਚ ਹਨ, ਜਿਥੇ ਉਹ ਆਪਣੇ ਚੋਣ ਪ੍ਰਚਾਰ ਲਈ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਚੋਣ ਭਾਸ਼ਣ 'ਚ ਯਾਮੀ ਗੌਤਮ ਦੀ ਇਸ ਆਉਣ ਵਾਲੀ ਫ਼ਿਲਮ ਦਾ ਵੀ ਜ਼ਿਕਰ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਫ਼ਿਲਮ ਬਾਰੇ ਗੱਲਬਾਤ ਕਰਦੇ ਹੋਏ ਕਈ ਅਹਿਮ ਅਤੇ ਜ਼ਰੂਰੀ ਗੱਲਾਂ ਦੱਸੀਆਂ।

PM ਮੋਦੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਆਪਣੇ ਫੈਸਲੇ ਬਾਰੇ ਗੱਲ ਕਰਦਿਆਂ ਇਸ ਫ਼ਿਲਮ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਹੁਣ 370 'ਤੇ ਫ਼ਿਲਮ ਆਉਣ ਵਾਲੀ ਹੈ। ਮੈਨੂੰ ਨਹੀਂ ਪਤਾ ਕਿ ਫ਼ਿਲਮ ਕਿਹੋ ਜਿਹੀ ਹੈ। ਕੱਲ੍ਹ ਹੀ ਮੈਂ ਟੀਵੀ 'ਤੇ ਫ਼ਿਲਮ ਬਾਰੇ ਦੇਖਿਆ, ਹੁਣ ਤੁਸੀਂ ਪੂਰੀ ਦੁਨੀਆ 'ਚ ਖੁਸ਼ ਹੋ ਜਾਣ ਵਾਲੇ ਹੋ। ਚੰਗਾ ਹੈ ਕਿ ਲੋਕਾਂ ਨੂੰ ਸਹੀ ਜਾਣਕਾਰੀ ਮਿਲੇਗੀ।

ਦੱਸ ਦਈਏ ਕਿ ਮੇਕਰਸ ਨੇ ਫ਼ਿਲਮ ਨੂੰ ਲੈ ਕੇ ਵੱਡਾ ਐਲਾਨ ਵੀ ਕੀਤਾ ਹੈ। ਦਰਅਸਲ, ਮੇਕਰਸ ਨੇ ਇਸ ਫ਼ਿਲਮ ਦੀ ਟਿਕਟ ਦੀ ਕੀਮਤ ਕਾਫ਼ੀ ਘੱਟ ਕਰਨ ਦਾ ਫੈਸਲਾ ਕੀਤਾ ਹੈ। ਫ਼ਿਲਮ ਦੇਖਣ ਲਈ ਤੁਹਾਨੂੰ ਸਿਰਫ 99 ਰੁਪਏ ਖਰਚ ਕਰਨੇ ਪੈਣਗੇ। ਅਜਿਹੇ 'ਚ ਘੱਟ ਕੀਮਤ 'ਤੇ ਵੱਧ ਤੋਂ ਵੱਧ ਲੋਕ ਇਸ ਫ਼ਿਲਮ ਨੂੰ ਦੇਖ ਸਕਣਗੇ।

ਦੱਸਣਯੋਗ ਹੈ ਕਿ ਯਾਮੀ ਗੌਤਮ ਦੀ ਇਹ ਫ਼ਿਲਮ 23 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਇਸ ਫ਼ਿਲਮ ਦਾ ਟੀਜ਼ਰ ਅਤੇ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਫ਼ਿਲਮ 'ਚ ਯਾਮੀ ਦੇ ਕਿਰਦਾਰ ਅਤੇ ਲੁੱਕ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ। ਇਸ ਫ਼ਿਲਮ 'ਚ ਯਾਮੀ ਨਾਲ 'ਰਾਮਾਇਣ' 'ਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਵੀ ਨਜ਼ਰ ਆਉਣਗੇ। ਇਸ ਫਿਲਮ ਨਿਰਦੇਸ਼ਕ ਆਦਿਤਿਆ ਧਰ ਡਾਇਰੈਕਟ ਕਰ ਰਹੇ ਹਨ।

sunita

This news is Content Editor sunita