ਤਾਰਿਆਂ ਦੀ ਛਾਵੇਂ, ਕੱਤਕ ਦੀ ਠੰਡ 'ਚ 'ਨਿੱਘ ਦਾ ਅਹਿਸਾਸ'

11/15/2018 3:16:32 PM

ਜਲੰਧਰ (ਜੁਗਿੰਦਰ ਸੰਧੂ)—ਸਾਂਬਾ ਸੈਕਟਰ ਦੇ ਸਰਹੱਦੀ ਪਿੰਡ ਖਾਨਪੁਰ 'ਚ ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਵੰਡ ਟੀਮ ਪਹੁੰਚੀ ਤਾਂ ਚੁਫੇਰੇ ਰਾਤ ਦਾ ਗੂੜ੍ਹਾ ਹਨੇਰਾ ਪੱਸਰ ਚੁੱਕਾ ਸੀ। ਆਕਾਸ਼ ਵਿਚ ਤਾਰਿਆਂ ਦੀ ਰੌਣਕ ਲੱਗ ਗਈ ਸੀ। ਕੱਤਕ ਮਹੀਨੇ ਦੀ ਮਿੱਠੀ-ਮਿੱਠੀ ਠੰਡ ਵਿਚ ਸੈਂਕੜੇ ਲੋਕ ਬਾਹਵਾਂ ਦੀਆਂ ਬੁੱਕਲਾਂ ਮਾਰੀ ਬੈਠੇ, ਜਿਵੇਂ ਕਿਸੇ 'ਨਿੱਘ ਦੇ ਅਹਿਸਾਸ' ਨੂੰ ਉਡੀਕ ਰਹੇ ਹੋਣ। ਪ੍ਰਬੰਧਕਾਂ ਵਲੋਂ ਸਮੱਗਰੀ ਵੰਡੇ ਜਾਣ ਵਾਲੇ ਸਥਾਨ 'ਤੇ ਬਿਜਲੀ ਦੇ ਬੱਲਬ ਲਾ ਕੇ ਆਰਜ਼ੀ ਤੌਰ 'ਤੇ ਰੌਸ਼ਨੀ ਦਾ ਬੰਦੋਬਸਤ ਕੀਤਾ ਗਿਆ ਸੀ। ਰਾਹਤ ਲੈਣ ਲਈ ਬੈਠੇ ਲੋਕਾਂ ਦੇ ਚਿਹਰਿਆਂ ਤੋਂ ਭਾਵੇਂ ਕੁਝ ਚਿੰਤਾ ਝਲਕਦੀ ਸੀ ਪਰ ਨਿੱਤ-ਨਿੱਤ ਖਤਰਿਆਂ ਦਾ ਸਾਹਮਣਾ ਕਰਨ ਕਰ ਕੇ ਉਹ ਸਵੈ-ਭਰੋਸੇ ਨਾਲ ਭਰਪੂਰ ਜਾਪਦੇ ਸਨ। ਕਠੂਆ, ਆਰ. ਐੱਸ. ਪੁਰਾ ਅਤੇ ਸਾਂਬਾ ਸੈਕਟਰ ਦੇ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਪਿਛਲੇ ਦਿਨਾਂ 'ਚ ਪਾਕਿਸਤਾਨ ਵਲੋਂ ਕੀਤੀ ਜਾਂਦੀ ਗੋਲੀਬਾਰੀ ਦੀ ਦਰਜਨਾਂ ਵਾਰ ਮਾਰ ਪਈ ਹੈ। ਇਹ ਉਨ੍ਹਾਂ ਦੀ ਜ਼ਿੰਦਾਦਿਲੀ ਹੈ ਕਿ ਉਹ ਗੋਲੀਆਂ ਦੀ ਵਾਛੜ ਸਾਹਮਣੇ ਸੀਨਾ ਤਾਣ ਕੇ ਬੈਠੇ ਹਨ ਅਤੇ ਛੇਤੀ ਕੀਤੇ ਆਪਣੇ ਘਰ ਛੱਡ ਕੇ ਨਹੀਂ ਜਾਂਦੇ। ਇਸ ਜ਼ਿੰਦਾਦਿਲੀ ਦੀ ਝਲਕ ਉਨ੍ਹਾਂ ਦੀ ਗੱਲਬਾਤ 'ਚੋਂ ਵੀ ਮਿਲਦੀ ਹੈ। ਜੇ ਬਹੁਤ ਜ਼ਿਆਦਾ ਫਾਇਰਿੰਗ ਹੋਵੇ ਤਾਂ ਇਕ-ਦੋ ਦਿਨ ਕਿਸੇ ਸੁਰੱਖਿਅਤ ਟਿਕਾਣੇ 'ਤੇ ਗੁਜ਼ਾਰਨ ਤੋਂ ਬਾਅਦ ਉਹ ਫਿਰ ਆਪਣੇ ਆਲ੍ਹਣਿਆਂ 'ਚ ਪਰਤ ਆਉਂਦੇ ਹਨ। 

ਉਸ ਦਿਨ ਉਥੇ ਖਾਨਪੁਰ ਤੋਂ ਇਲਾਵਾ ਭੱਖੜੀ, ਚੱਕ ਸਲਾਰੀਆਂ, ਭਚਿਆਰ ਅਤੇ ਰਤਨਪੁਰ ਆਦਿ ਪਿੰਡਾਂ ਤੋਂ 300 ਦੇ ਕਰੀਬ ਪਰਿਵਾਰਾਂ ਦੇ ਮੈਂਬਰ ਠੰਡ ਤੋਂ ਬਚਾਅ ਲਈ ਰਜਾਈਆਂ ਪ੍ਰਾਪਤ ਕਰਨ ਆਏ ਸਨ। ਇਹ ਸਾਰੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਬਿਲਕੁਲ ਨੇੜੇ ਹੀ ਵੱਸੇ ਹੋਏ ਹਨ। ਲੋੜਵੰਦਾਂ ਲਈ 300 ਰਜਾਈਆਂ ਨਾਲ ਭਰਿਆ 482ਵਾਂ ਟਰੱਕ ਲਾਲਾ ਜਗਤ ਨਾਰਾਇਣ ਨਿਸ਼ਕਾਮ ਸੇਵਾ ਸੋਸਾਇਟੀ ਅਤੇ ਸ਼੍ਰੀ ਗਿਆਨ ਸਥਲ ਮੰਦਰ ਸਭਾ ਲੁਧਿਆਣਾ ਵਲੋਂ ਭਿਜਵਾਇਆ ਗਿਆ ਸੀ, ਜਿਸ ਲਈ ਪ੍ਰਵੀਨ ਬਜਾਜ, ਰਮੇਸ਼ ਗੁੰਬਰ, ਬਿੱਟੂ ਗੁੰਬਰ, ਸ਼ਾਮ ਲਾਲ ਕਪੂਰ ਅਤੇ ਰਾਜ ਕੁਮਾਰ ਵਰਮਾ ਨੇ ਵਡਮੁੱਲਾ ਯੋਗਦਾਨ ਪਾਇਆ।

ਰਾਹਤ ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁੱਡਵਿੱਲ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਵੱਸਦੇ ਲੋਕ ਦੇਸ਼ ਦੀ ਵੰਡ ਵੇਲੇ ਤੋਂ ਹੀ ਦੁੱਖਾਂ ਦਾ ਸੰਤਾਪ ਸਹਿਣ ਕਰਦੇ ਆ ਰਹੇ ਹਨ। ਅੱਜ ਇਨ੍ਹਾਂ ਪਰਿਵਾਰਾਂ 'ਤੇ ਦੋਹਰੀ ਮਾਰ ਪੈ ਰਹੀ ਹੈ। ਇਕ ਪਾਸੇ ਸਰਹੱਦ ਤੋਂ ਘੁਸਪੈਠ ਕਰ ਕੇ ਆਉਣ ਵਾਲੇ ਅੱਤਵਾਦੀ ਇਨ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੇ ਹਨ ਅਤੇ ਦੂਜੇ ਪਾਸੇ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਇਨ੍ਹਾਂ ਨੂੰ ਵਾਰ-ਵਾਰ ਉਜਾੜ ਰਹੀ ਹੈ। ਉਨ੍ਹਾਂ ਕਿਹਾ ਕਿ ਇਨਸਾਨ ਇਕ ਦਿਨ ਆਪਣਾ ਘਰ ਛੱਡ ਕੇ ਚਲਾ ਜਾਵੇ ਤਾਂ ਘਰ ਦਾ ਹੁਲੀਆ ਵਿਗੜ ਜਾਂਦਾ ਹੈ ਪਰ ਇਨ੍ਹਾਂ ਲੋਕਾਂ ਨੂੰ ਅਣਗਿਣਤ ਵਾਰ ਕਈ-ਕਈ ਦਿਨ ਆਪਣੇ ਘਰ-ਘਾਟ ਛੱਡ ਕੇ ਦੌੜਨਾ ਪੈਂਦਾ ਹੈ। ਨਤੀਜੇ ਵਜੋਂ ਇਨ੍ਹਾਂ ਦੇ ਕੰਮ-ਕਾਰ ਅਤੇ ਕਾਰੋਬਾਰ ਵੀ ਪ੍ਰਭਾਵਿਤ ਹੁੰਦੇ ਹਨ। 

ਇਸ ਮੌਕੇ 'ਤੇ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਅੱਜ ਇਨਸਾਨੀਅਤ ਦਾ ਤਕਾਜ਼ਾ ਹੈ ਕਿ ਅੱਤਵਾਦ ਅਤੇ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਵਧ-ਚੜ੍ਹ ਕੇ ਕੰਮ ਕੀਤਾ ਜਾਵੇ। ਪੰਜਾਬ ਕੇਸਰੀ ਪੱਤਰ ਸਮੂਹ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਪਿਛਲੇ ਕਰੀਬ 20 ਸਾਲਾਂ ਤੋਂ ਲੋੜਵੰਦਾਂ ਲਈ ਰਾਸ਼ਨ ਅਤੇ ਹੋਰ ਘਰੇਲੂ ਵਰਤੋਂ ਦਾ ਸਾਮਾਨ ਭਿਜਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਹੋਰ ਜ਼ਿਆਦਾ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਇਹ ਰਾਹਤ ਵੰਡ ਕਾਫਲਾ ਉਨ੍ਹਾਂ ਦੀ ਮਦਦ ਲਈ ਲਗਾਤਾਰ ਯਤਨਸ਼ੀਲ ਰਹੇਗਾ। 
ਲਾਇਨਜ਼ ਕਲੱਬ ਰਾਮਗੜ੍ਹ ਦੇ ਪ੍ਰਧਾਨ ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਵਾਸੀ ਜਿਸ ਢੰਗ ਨਾਲ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੇ ਹਨ ਅਤੇ ਰਾਹਤ ਸਮੱਗਰੀ ਭਿਜਵਾ ਰਹੇ ਹਨ, ਉਹ ਅਤਿਅੰਤ ਸ਼ਲਾਘਾਯੋਗ ਕਾਰਜ ਹੈ। ਇਸ ਰਾਹਤ ਮੁਹਿੰਮ ਲਈ ਪੰਜਾਬ ਕੇਸਰੀ ਗਰੁੱਪ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਤਵਾਦ ਪੀੜਤਾਂ ਅਤੇ ਸ਼ਰਨਾਰਥੀ ਪਰਿਵਾਰਾਂ ਦੀ ਮਦਦ ਲਈ ਜੋ ਕੁਝ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਕਰ ਰਹੇ ਹਨ, ਇਸ ਢੰਗ ਨਾਲ ਨਾ ਕੋਈ ਹੋਰ ਸੰਸਥਾ ਅੱਗੇ ਆਈ ਹੈ ਅਤੇ ਨਾ ਹੀ ਸਰਕਾਰਾਂ ਨੇ ਕੋਈ ਸਾਰਥਕ ਭੂਮਿਕਾ ਨਿਭਾਈ ਹੈ। ਇਸ ਮੁਹਿੰਮ ਕਾਰਨ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਮਿਲੀ ਹੈ। 
ਇਸ ਮੌਕੇ 'ਤੇ ਇਕਬਾਲ ਸਿੰਘ ਅਰਨੇਜਾ ਅਤੇ ਸ਼ਿਵ ਕੁਮਾਰ ਚੌਧਰੀ ਨੇ ਵੀ ਸੰਬੋਧਨ ਕੀਤਾ ਅਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਰਾਹਤ ਵੰਡ ਆਯੋਜਨ ਦੇ ਮੌਕੇ 'ਤੇ ਸਥਾਨਕ ਸਮਾਜ ਸੇਵੀ ਨੇਤਾ ਰਾਮ ਸਿੰਘ ਭਗਤ, ਸੌਦਾਗਰ ਚੰਦ, ਨੈਨਸੀ ਚੌਧਰੀ ਅਤੇ ਨਿਰਮਲ ਸਿੰਘ ਨੇ ਰਜਾਈਆਂ ਵੰਡਣ ਵਿਚ ਸਰਗਰਮ ਭੂਮਿਕਾ ਨਿਭਾਈ।

Shyna

This news is Content Editor Shyna