ਸ਼ਹੀਦ ਕਰਨਲ ਆਸ਼ੂਤੋਸ਼ ਨੂੰ ਦਿੱਤੀ ਗਈ ਅੰਤਿਮ ਵਿਦਾਈ, ਹਰ ਅੱਖ ਹੋਈ ਨਮ

05/05/2020 10:36:14 AM

ਜੈਪੁਰ— ਜੰਮੂ-ਕਸ਼ਮੀਰ ਦੇ ਹੰਦਵਾੜਾ ਵਿਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਸ਼ਹੀਦ ਹੋਏ ਕਰਨਲ ਆਸ਼ੂਤੋਸ਼ ਸ਼ਰਮਾ ਨੂੰ ਮੰਗਲਵਾਰ ਭਾਵ ਅੱਜ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਮੌਜੂਦ ਰਹੇ। ਆਰਮੀ ਬੈਂਡ ਨਾਲ ਕਰਨਲ ਸ਼ਰਮਾ ਨੂੰ ਸ਼ਰਧਾਂਜਲੀ ਦਿੱਤੀ ਗਈ। ਕਰਨਲ ਸ਼ਰਮਾ ਨੂੰ 'ਟਾਈਗਰ' ਵੀ ਕਿਹਾ ਜਾਂਦਾ ਸੀ। ਦੱਸ ਦੇਈਏ ਕਿ ਕਰਨਲ ਆਸ਼ੂਤੋਸ਼ ਅੱਤਵਾਦੀਆਂ ਵਿਰੁੱਧ ਹੰਦਵਾੜਾ 'ਚ ਆਪਰੇਸਨ ਲੀਡ ਕਰ ਰਹੇ ਸਨ। ਇਸ ਦੌਰਾਨ ਉਹ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ।

ਆਸ਼ੂਤੋਸ਼ ਦੀ ਦਿਲੇਰੀ ਦੇ ਕਿੱਸੇ ਸੁਣ ਕੇ ਅੱਜ ਪੂਰਾ ਹਿੰਦੋਸਤਾਨ ਮਾਣ ਕਰ ਰਿਹਾ ਹੈ। ਕਰਨਲ ਦੀ ਸ਼ਹਾਦਤ 'ਤੇ ਕਈ ਅੱਖਾਂ ਨਮ ਹਨ ਪਰ ਕਰਨਲ ਦੇ ਪਰਿਵਾਰ ਦੀ ਦਿਲੇਰੀ ਪੂਰੇ ਦੇਸ਼ ਲਈ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ। ਨਾ ਮਾਂ ਅਤੇ ਨਾ ਹੀ ਪਤਨੀ ਦੀਆਂ ਅੱਖਾਂ 'ਚ ਹੰਝੂ ਹਨ ਅਤੇ ਨਾ ਹੀ ਕਰਨਲ ਦੀ ਪਿਆਰੀ ਜਿਹੀ ਧੀ ਰੋ ਰਹੀ ਹੈ, ਸਗੋਂ ਕਿ ਉਨ੍ਹਾਂ ਨੂੰ ਆਪਣੇ ਕਰਨਲ ਬੇਟੇ, ਆਪਣੇ ਕਰਨਲ ਪਤੀ, ਆਪਣੇ ਕਰਨਲ ਪਿਤਾ 'ਤੇ ਮਾਣ ਹੈ।

ਸ਼ਹੀਦ ਦੀ ਪਤਨੀ ਪੱਲਵੀ ਸ਼ਰਮਾ ਨੇ ਕਿਹਾ ਕਿ ਬਸ ਇਸ ਸਮੇਂ ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਸੁਣ ਰਹੀ ਹਾਂ। ਮੇਰੀਆਂ ਅੱਖਾਂ ਵਿਚ ਹੰਝੂ ਨਹੀਂ ਹਨ। ਮੈਨੂੰ ਉਨ੍ਹਾਂ 'ਤੇ ਮਾਣ ਹੋ ਰਿਹਾ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਨ੍ਹਾਂ ਦੀ ਪਤਨੀ ਹਾਂ। ਮੈਂ ਉਨ੍ਹਾਂ ਦੇ ਨਾਂ ਤੋਂ ਜਾਣੀ ਜਾਂਦੀ ਹਾਂ ਅਤੇ ਜਾਵਾਂਗੀ, ਇਸ ਗੱਲ ਦਾ ਮੈਨੂੰ ਮਾਣ ਅਤੇ ਖੁਸ਼ੀ ਹੈ।

ਦੱਸਣਯੋਗ ਹੈ ਕਿ ਬੀਤੀ 3 ਮਈ ਨੂੰ ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿਚ ਕਰਨਲ, ਇਕ ਮੇਜਰ, ਇਕ ਪੁਲਸ ਅਧਿਕਾਰੀ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। ਸ਼ਹੀਦ ਹੋਣ ਵਾਲਿਆਂ 'ਚੋਂ ਇਕ ਜੰਮੂ-ਕਸ਼ਮੀਰ ਪੁਲਸ ਦਾ ਵੀ ਅਧਿਕਾਰੀ ਸ਼ਾਮਲ ਸੀ। ਇਕ ਘਰ ਵਿਚ ਲੁੱਕੇ ਅੱਤਵਾਦੀਆਂ ਤੋਂ ਆਮ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਹ ਜਵਾਨ ਸ਼ਹੀਦ ਹੋ ਗਏ ਸਨ।

Tanu

This news is Content Editor Tanu