ਪੀ.ਐੱਮ. ਮੋਦੀ ਵਿਰੁੱਧ ਬੋਲਣ ''ਤੇ ਜੇਲ ''ਚ ਸੁੱਟ ਦਿੱਤਾ ਜਾਂਦਾ ਹੈ : ਰਾਹੁਲ ਗਾਂਧੀ

10/04/2019 3:38:11 PM

ਵਾਇਨਾਡ (ਕੇਰਲ)— ਭੀੜ ਵਲੋਂ ਕੁੱਟਮਾਰ (ਮੌਬ ਲਿੰਚਿੰਗ) 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਵਾਲੀਆਂ 49 ਹਸਤੀਆਂ ਵਿਰੁੱਧ ਬਿਹਾਰ 'ਚ ਮਾਮਲਾ ਦਰਜ ਹੋ ਗਿਆ ਹੈ। ਇਸੇ ਮੁੱਦੇ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ 'ਚ ਅਜਿਹਾ ਮਾਹੌਲ ਹੋ ਗਿਆ ਹੈ ਕਿ ਪੀ.ਐੱਮ. ਵਿਰੁੱਧ ਕੁਝ ਵੀ ਬੋਲਣ ਵਾਲੇ ਨੂੰ ਜੇਲ 'ਚ ਸੁੱਟ ਦਿੱਤਾ ਜਾਂਦਾ ਹੈ। ਰਾਹੁਲ ਆਪਣੇ ਸੰਸਦੀ ਖੇਤਰ ਵਾਇਨਾਡ 'ਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ 'ਤੇ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਦੇਸ਼ ਦੇ ਕੀ ਹਾਲਾਤ ਹਨ, ਇਸ ਬਾਰੇ ਪੂਰੀ ਦੁਨੀਆ ਜਾਣਦੀ ਹੈ ਪਰ ਜੇਕਰ ਕੋਈ ਪ੍ਰਧਾਨ ਮੰਤਰੀ ਵਿਰੁੱਧ ਬੋਲਦਾ ਹੈ ਜਾਂ ਫਿਰ ਉਨ੍ਹਾਂ ਤੋਂ ਸਵਾਲ ਪੁੱਛਦਾ ਹੈ ਤਾਂ ਉਸ ਨੂੰ ਜੇਲ 'ਚ ਸੁੱਟ ਦਿੱਤਾ ਜਾਂਦਾ ਹੈ। ਅੱਜ ਦੇਸ਼ 'ਚ ਮੀਡੀਆ ਨੂੰ ਵੀ ਦਬਾਇਆ ਜਾ ਰਿਹਾ ਹੈ।

ਕਾਂਗਰਸ ਨੇਤਾ ਨੇ ਇੱਥੇ ਅਰਥ ਵਿਵਸਥਾ ਦੇ ਮਸਲੇ 'ਤੇ ਵੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਅਰਥ ਵਿਵਸਥਾ ਨੂੰ ਕਿਉਂ ਨਸ਼ਟ ਕੀਤਾ। ਰਾਹੁਲ ਬੋਲੇ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਅਰਥਵਿਵਸਥਾ ਸੀ ਪਰ ਅੱਜ ਉਸ ਨੂੰ ਹੀ ਨਸ਼ਟ ਕਰ ਦਿੱਤਾ ਗਿਆ ਹੈ। ਦੇਸ਼ 'ਚ ਬੇਰੋਜ਼ਗਾਰੀ ਵਧ ਗਈ ਹੈ, ਜੀ.ਡੀ.ਪੀ. 'ਚ ਵੀ ਕੋਈ ਰਫ਼ਤਾਰ ਨਹੀਂ ਹੈ, ਰੋਜ਼ਗਾਰ ਦੀ ਵੀ ਹਾਲਾਤ ਖਰਾਬ ਹੈ। ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਦੇਸ਼ 'ਚ ਸਿਰਫ਼ 15-20 ਲੋਕ ਹੀ ਰਹਿ ਰਹੇ ਹਨ, ਬਾਕੀ ਨਾਗਰਿਕਾਂ ਦਾ ਕੀ ਹੋਵੇਗਾ?

ਜ਼ਿਕਰਯੋਗ ਹੈ ਕਿ ਰਾਹੁਲ ਇਕ ਦਿਨਾ ਯਾਤਰਾ 'ਤੇ ਆਪਣੇ ਸੰਸਦੀ ਖੇਤਰ 'ਚ ਹਨ। ਉਨ੍ਹਾਂ ਨੇ ਇੱਥੇ ਉਨ੍ਹਾਂ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਜੋ ਨੈਸ਼ਨਲ ਹਾਈਵੇਅ (ਐੱਨ.ਐੱਚ.-766) 'ਤੇ ਲੱਗੀ ਆਵਾਜਾਈ ਦੀ ਪਾਬੰਦੀ ਦਾ ਵਿਰੋਧ ਕਰ ਰਹੇ ਹਨ। ਕੇਰਲ ਨੂੰ ਕਰਨਾਟਕ ਨਾਲ ਜੋੜਨ ਵਾਲੇ ਇਸ ਹਾਈਵੇਅ 'ਤੇ ਰਾਤ ਨੂੰ ਆਵਾਜਾਈ 'ਤੇ ਬੈਨ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦੇਸ਼ 'ਚ ਹੋਈ ਮੌਬ ਲਿੰਚਿੰਗ ਦੇ ਮੱਦੇਨਜ਼ਰ ਬਾਲੀਵੁੱਡ ਸਮੇਤ ਹੋਰ ਖੇਤਰਾਂ ਦੀਆਂ ਕੁੱਲ 49 ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ, ਜਿਸ 'ਚ ਦੇਸ਼ ਦੇ ਹਾਲਾਤ 'ਤੇ ਚਿੰਤਾ ਜ਼ਾਹਰ ਕੀਤੀ ਗਈ ਸੀ। ਹੁਣ ਇਨ੍ਹਾਂ 'ਤੇ ਬਿਹਾਰ ਦੇ ਮੁਜ਼ੱਫਰਪੁਰ 'ਚ ਐੱਫ.ਆਈ.ਆਰ. ਹੋਈ ਹੈ, ਇਨ੍ਹਾਂ 'ਚ ਰਾਮਚੰਦਰ ਗੁਹਾ, ਮਣੀ ਰਤਨਮ, ਅਨੁਰਾਗ ਕਯਸ਼ਪ ਅਤੇ ਅਪਰਨਾ ਸੇਨ ਵਰਗੇ ਸੈਲੀਬ੍ਰਿਟੀ ਸ਼ਾਮਲ ਹਨ।

DIsha

This news is Content Editor DIsha