ਟਾਈਟਲਰ ਵਿਰੁੱਧ ਜ਼ਮੀਨਾਂ ''ਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਦਰਜ

07/13/2019 10:38:24 AM

ਨਵੀਂ ਦਿੱਲੀ— ਦਿੱਲੀ ਪੁਲਸ ਨੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਵਿਰੁੱਧ ਠੱਗੀਆਂ ਮਾਰਨ ਅਤੇ ਭਰੋਸੇ 'ਚ ਮੁਜਰਮਾਨਾ ਸੰਨ੍ਹ ਲਾਉਣ ਦੇ ਦੋਸ਼ 'ਚ ਐੱਫ.ਆਈ. ਆਰ. ਦਰਜ ਕੀਤੀ ਹੈ। ਪੁਲਸ ਨੇ ਸ਼ਿਕਾਇਤਕਰਤਾਵਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਟਾਈਟਲਰ ਅਤੇ 10 ਹੋਰਨਾਂ ਨੇ ਦਿੱਲੀ ਦੇ ਕਰੋਲ ਬਾਗ ਇਲਾਕੇ 'ਚ 2 ਪਲਾਟ ਗੈਰ-ਕਾਨੂੰਨੀ ਤੌਰ 'ਤੇ ਕਬਜ਼ੇ 'ਚ ਲਏ ਹਨ।

ਦਿੱਲੀ ਪੁਲਸ ਦੀ ਆਰਥਿਕ ਜੁਰਮਾਂ ਬਾਰੇ ਸ਼ਾਖਾ ਵਲੋਂ ਐੱਫ. ਆਈ. ਆਰ. ਦਰਜ ਕੀਤੀ ਗਈ। ਇਸ ਐੱਫ.ਆਈ. ਆਰ. 'ਚ ਸ਼ਿਕਾਇਤਕਰਤਾਵਾਂ ਵਿਜੇ ਅਤੇ ਅਨਿਲ ਸੇਖੜੀ, ਜਿਨ੍ਹਾਂ ਦਾ ਗੌਤਮ ਓਵਰਸੀਜ਼ ਲਿਮਟਿਡ ਕੰਪਨੀ 'ਚ 25 ਫੀਸਦੀ ਹਿੱਸਾ ਹੈ, ਨੇ ਸ਼ਿਕਾਇਤ ਕੀਤੀ ਹੈ ਕਿ ਇਨ੍ਹਾਂ ਪਲਾਟਾਂ ਦੀ ਕੀਮਤ 271 ਕਰੋੜ ਰੁਪਏ ਹੈ, ਕਿਰਾਏ 'ਤੇ ਦਸਤਾਵੇਜ਼ ਜਾਅਲੀ ਤਿਆਰ ਕਰਕੇ ਦਿੱਤੇ ਗਏ, ਜਿਸ ਦਾ ਮਕਸਦ ਜ਼ਮੀਨ ਦੇ ਅਸਲ ਮਾਲਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰਨਾ ਸੀ। ਸ਼ਿਕਾਇਤਕਰਤਾ ਅਨੁਸਾਰ ਪਲਾਟ ਸਾਲ 2007 'ਚ ਲੀਜ਼ 'ਤੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਇਸ ਦੀ ਕੋਈ ਉੱਘ-ਸੁੱਘ ਨਹੀਂ ਸੀ।

ਇਸ ਦੌਰਾਨ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਹੈ ਕਿ ਮੁੱਢਲੀ ਪੜਤਾਲ ਤੋਂ ਇਹ ਨਤੀਜਾ ਨਿਕਲਿਆ ਹੈ ਕਿ ਜਗਦੀਸ਼ ਟਾਈਟਲਰ ਦੀ ਇਸ ਫਰਾਡ 'ਚ ਕੋਈ ਸ਼ਮੂਲੀਅਤ ਨਹੀਂ ਹੈ। ਟਾਈਲਟਰ ਨੇ ਵੀ ਇਕ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਦਾ ਕੰਪਨੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਾਲ 1954 ਤੋਂ ਉੱਥੇ ਸਕੂਲ ਚੱਲ ਰਿਹਾ ਹੈ ਅਤੇ ਮੈਂ ਉੱਥੇ ਕਿਰਾਏਦਾਰ ਹਾਂ। ਮੇਰੀ ਉਸ ਕੰਪਨੀ 'ਚ ਕੋਈ ਮਾਲਕੀਅਤ ਨਹੀਂ ਹੈ, ਜਿਸ ਦਾ ਐੱਫ.ਆਈ.ਆਰ. 'ਚ ਜ਼ਿਕਰ ਕੀਤਾ ਗਿਆ।

DIsha

This news is Content Editor DIsha