ਕਾਂਗਰਸ ਦੇ ਪ੍ਰੋਗਰਾਮ 'ਚ ਨਜ਼ਰ ਆਏ 'ਟਾਈਟਲਰ', ਹਰਸਿਮਰਤ ਨੇ ਕੱਸਿਆ ਤੰਜ਼

01/16/2019 3:16:43 PM

ਨਵੀਂ ਦਿੱਲੀ— ਬੁੱਧਵਾਰ ਭਾਵ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਦਿੱਲੀ ਕਾਂਗਰਸ ਪ੍ਰਧਾਨ ਅਹੁਦਾ ਸੰਭਾਲਣ ਦੇ ਰਸਮੀ ਪ੍ਰੋਗਰਾਮ 'ਚ ਜਗਦੀਸ਼ ਟਾਈਟਲਰ ਨੂੰ ਵੀ ਦੇਖਿਆ ਗਿਆ। ਇੱਥੇ ਦੱਸ ਦੇਈਏ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ ਜਗਦੀਸ਼ ਟਾਈਟਲਰ 'ਤੇ ਵੀ ਹਨ। ਟਾਈਟਲਰ ਵਲੋਂ ਰਸਮੀ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ। 



ਪ੍ਰੋਗਰਾਮ 'ਚ ਟਾਈਟਲਰ ਦੇ ਸ਼ਾਮਲ ਹੋਣ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਦੀ ਮੰਸ਼ਾ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ, ''ਰਾਹੁਲ ਜੀ ਵੀ ਉਹ ਸਭ ਕੁਝ ਕਰ ਰਹੇ ਹਨ, ਜੋ ਉਨ੍ਹਾਂ ਦੇ ਪਰਿਵਾਰ ਨੇ ਕੀਤਾ ਸੀ। ਉਨ੍ਹਾਂ ਨੇ ਆਖਰਕਾਰ ਦਿਖਾ ਹੀ ਦਿੱਤਾ ਹੈ ਕਿ ਸਿੱਖਾਂ ਲਈ ਉਨ੍ਹਾਂ ਦੇ ਮਨ 'ਚ ਕੋਈ ਆਦਰ-ਸਤਿਕਾਰ ਨਹੀਂ ਹੈ।'' ਹਰਸਿਮਰਤ ਨੇ ਅੱਗੇ ਕਿਹਾ ਕਿ ਜਲਦ ਹੀ ਅਦਾਲਤ ਤੋਂ ਟਾਈਟਲਰ ਨੂੰ ਵੀ ਸਜ਼ਾ ਮਿਲੇਗੀ। ਉੱਥੇ ਹੀ ਕਾਂਗਰਸ ਦੇ ਇਸ ਪ੍ਰੋਗਰਾਮ ਵਿਚ ਜਗਦੀਸ਼ ਟਾਈਟਲਰ ਦੇ ਆਉਣ 'ਤੇ ਭਾਜਪਾ ਨੇ ਵੀ ਇਤਰਾਜ਼ ਜ਼ਾਹਰ ਕੀਤਾ ਹੈ। ਭਾਜਪਾ ਨੇਤਾ ਤਰੁਣ ਚੁੱਗ ਦਾ ਕਹਿਣਾ ਹੈ ਕਿ ਟਾਈਟਲਰ ਦਾ ਪ੍ਰੋਗਰਾਮ 'ਚ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਅਤੇ ਇਹ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ।

ਹਾਲਾਂਕਿ ਟਾਈਲਟਰ ਨੇ ਪ੍ਰੋਗਰਾਮ 'ਚ ਆਪਣੀ ਮੌਜੂਦਗੀ ਨੂੰ ਲੈ ਕੇ ਸਵਾਲ ਖ਼ੜ੍ਹੇ ਕਰਨ ਵਾਲਿਆਂ ਨੂੰ ਗਲਤ ਠਹਿਰਾਇਆ ਹੈ। ਆਪਣੀ ਸਫਾਈ 'ਚ ਟਾਈਟਲਰ ਨੇ ਕਿਹਾ ਕਿ ਤੁਸੀਂ ਮੇਰੇ ਨਾਂ ਦਾ ਵੀ ਜ਼ਿਕਰ ਕਰਦੇ ਹੋ, ਕਿਉਂ? ਕੀ ਮੇਰੇ ਵਿਰੁੱਧ ਕੋਈ ਐੱਫ. ਆਈ. ਆਰ. ਦਰਜ ਹੈ? ਕੀ ਕੋਈ ਕੇਸ ਹੈ? ਨਹੀਂ? ਫਿਰ ਤੁਸੀਂ ਮੇਰਾ ਨਾਂ ਕਿਉਂ ਲੈ ਰਹੇ ਹੋ? ਕਿਸੇ ਨੇ ਕਹਿ ਦਿੱਤਾ ਤੇ ਤੁਸੀਂ ਵਿਸ਼ਵਾਸ ਕਰ ਰਹੇ ਹੋ।

ਜ਼ਿਕਰਯੋਗ ਹੈ ਕਿ 31 ਅਕਤੂਬਰ 1984 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸੁਰੱਖਿਆ ਗਾਰਡ ਵਲੋਂ ਕੀਤੀ ਹੱਤਿਆ ਮਗਰੋਂ ਦਿੱਲੀ ਦੀਆਂ ਸੜਕਾਂ 'ਤੇ ਕਤਲੇਆਮ ਹੋਇਆ ਸੀ। ਇਨ੍ਹਾਂ ਦੰਗਿਆਂ ਵਿਚ ਵੱਡੇ ਕਾਂਗਰਸੀ ਨੇਤਾਵਾਂ ਦੇ ਨਾਂ ਸਾਹਮਣੇ ਆਏ ਸਨ ਪਰ ਅਜੇ ਤਕ ਸਿਰਫ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਹੀ ਸਜ਼ਾ ਮਿਲੀ ਹੈ। ਟਾਈਟਲਰ ਲੰਬੇ ਸਮੇਂ ਤੋਂ ਕਾਂਗਰਸ 'ਚ ਨਜ਼ਰ ਨਹੀਂ ਆ ਰਹੇ ਅਤੇ ਵੱਡੇ ਮੰਚਾਂ ਤੋਂ ਗਾਇਬ ਹੀ ਰਹੇ ਹਨ। ਅੱਜ ਉਨ੍ਹਾਂ ਨੂੰ ਕਿਸੇ ਵੱਡੇ ਪ੍ਰੋਗਰਾਮ 'ਚ ਦੇਖਿਆ ਗਿਆ।

Tanu

This news is Content Editor Tanu