ਜੰਮੂ-ਕਸ਼ਮੀਰ: ਕਿਸ਼ਤਵਾੜ ’ਚ ਕੁਦਰਤ ਦਾ ਕਹਿਰ, 7 ਲੋਕਾਂ ਦੀ ਮੌਤ, ਕਈ ਲਾਪਤਾ

07/28/2021 10:40:24 AM

ਜੰਮੂ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਡੱਚਨ ਦੇ ਹੋਂਜਰ ਪਿੰਡ ’ਚ ਬੁੱਧਵਾਰ ਤੜਕੇ ਬੱਦਲ ਫਟਣ ਤੋਂ ਬਾਅਦ ਅਚਾਨਕ ਆਏ ਹੜ੍ਹ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀ ਮੁਤਾਬਕ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਲਾਪਤਾ ਲੋਕਾਂ ਦਾ ਪਤਾ ਲਾਉਣ ਲਈ ਖੋਜ ਮੁਹਿੰਮ ਜਾਰੀ ਪਰ ਤੇਜ਼ ਮੀਂਹ ਰੁਕਾਵਟ ਬਣਿਆ ਹੋਇਆ ਹੈ। ਉਨ੍ਹਾਂ ਨੇ ਇਹ ਕਿਹਾ ਕਿ ਘਟਨਾ ਵਿਚ ਕਈ ਲੋਕ ਲਾਪਤਾ ਹਨ ਪਰ ਲਾਪਤਾ ਲੋਕਾਂ ਦੀ ਅਸਲ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ, ਫ਼ੌਜ ਅਤੇ ਸੂਬਾ ਆਫ਼ਤ ਰਾਹਤ ਦਲ (ਐੱਸ. ਡੀ. ਆਰ. ਐੱਫ.) ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕੰਮ ਜਾਰੀ ਹੈ।

ਉੱਥੇ ਹੀ ਲਗਾਤਾਰ ਮੀਂਹ ਕਾਰਨ ਅਮਰਨਾਥ ’ਚ ਵੀ ਬੱਦਲ ਫਟ ਗਿਆ। ਬੱਦਲ ਫਟਣ ਕਾਰਨ ਅਚਾਨਕ ਸਿੰਧ ਨਦੀ ਦਾ ਪਾਣੀ ਦਾ ਪੱਧਰ ਵੱਧ ਗਿਆ। ਬੱਦਲ ਫਟਣ ਮਗਰੋਂ ਐੱਨ. ਡੀ. ਆਰ. ਐੱਫ. ਦੀ ਇਕ ਟੀਮ ਨੂੰ ਘਟਨਾ ਵਾਲੀ ਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਬੱਦਲ ਫਟਣ ਦੀ ਘਟਨਾ ਨੂੰ ਵੇਖਦੇ ਹੋਏ ਆਮ ਜਨਤਾ ਨੂੰ ਸਿੰਧ ਨਦੀ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਗਈ ਹੈ ਕਿਉਂਕਿ ਪਾਣੀ ਦਾ ਪ੍ਰਵਾਹ ਅਚਾਨਕ ਤੇਜ਼ ਹੋ ਸਕਦਾ ਹੈ।

ਓਧਰ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ’ਚ ਲਾਪਤਾ ਹੋਏ ਵਿਅਕਤੀਆਂ ਅਤੇ ਜ਼ਖ਼ਮੀ ਹੋਣ ਦਾ ਵੇਰਵਾ ਅਜੇ ਤੱਕ ਨਹੀਂ ਮਿਲਿਆ ਹੈ। ਸ਼ਰਮਾ ਨੇ ਦੱਸਿਆ ਕਿ ਪਿੰਡ ਵਿਚ 8 ਤੋਂ 10 ਘਰ ਹਨ, ਜਿੱਥੋਂ ਬੱਦਲ ਫਟਣ ਦੀ ਸੂਚਨਾ ਮਿਲੀ ਹੈ। ਮੌਸਮ ਮਹਿਕਮੇ ਨੇ ਮੌਸਮ ਸਬੰਧੀ ਅਲਰਟ ਵੀ ਜਾਰੀ ਕੀਤਾ ਹੈ। 30 ਜੁਲਾਈ ਤੱਕ ਰੁੱਕ-ਰੁੱਕ ਕੇ ਮੀਂਹ ਪੈਣ ਦਾ ਖ਼ਦਸ਼ਾ ਹੈ ਅਤੇ ਕੁਝ ਥਾਵਾਂ ’ਤੇ ਤੇਜ਼ ਮੀਂਹ ਪੈਣ ਦੇ ਆਸਾਰ ਹਨ। ਕਿਸ਼ਤਵਾੜ ਜ਼ਿਲ੍ਹੇ ’ਚ ਲਗਾਤਾਰ ਅਤੇ ਮੋਹਲੇਧਾਰ ਮੀਂਹ ਨੂੰ ਵੇਖਦੇ ਹੋਏ ਜ਼ਿਆਦਾਤਰ ਨਦੀਆਂ ਅਤੇ ਨਾਲਿਆਂ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। 

Tanu

This news is Content Editor Tanu