ਜੰਮੂ-ਕਸ਼ਮੀਰ ''ਚ ਬਰਫਬਾਰੀ, ਆਵਾਜਾਈ ਲਈ ਮੁਗ਼ਲ ਰੋਡ ਬੰਦ

11/06/2019 4:35:06 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਗੁਲਮਰਗ 'ਚ ਬੁੱਧਵਾਰ ਨੂੰ ਤਾਜ਼ਾ ਬਰਫਬਾਰੀ ਹੋਈ। ਬਰਫਬਾਰੀ ਕਾਰਨ ਪੁੰਛ ਅਤੇ ਰਾਜੌਰੀ ਜ਼ਿਲਿਆਂ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਨਾਲ ਜੋੜਨ ਵਾਲੇ ਮੁਗ਼ਲ ਰੋਡ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪਹਾੜੀ ਤੇ ਮੈਦਾਨੀ ਖੇਤਰਾਂ ਵਿਚ ਬੁੱਧਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਮੱਧ ਤੋਂ ਭਾਰੀ ਬਰਫਬਾਰੀ ਅਤੇ ਮੀਂਹ ਪੈਣ ਦਾ ਅਨੁਮਾਨ ਲਾਇਆ ਹੈ। 

 

ਅਧਿਕਾਰੀਆਂ ਨੇ ਦੱਸਿਆ ਕਿ ਬਰਫਬਾਰੀ ਕਾਰਨ ਸਾਵਧਾਨੀ ਦੇ ਤੌਰ 'ਤੇ ਮੁਗ਼ਲ ਰੋਡ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਣ ਲਈ ਇਸ ਸੜਕ ਨੇੜਿਓਂ ਯਾਤਰਾ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦਰਮਿਆਨ ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਦੇ ਬਾਵਜੂਦ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ 'ਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਕਸ਼ਮੀਰ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੇ ਲੱਗਭਗ 300 ਕਿਲੋਮੀਟਰ ਲੰਬੇ ਇਸ ਹਾਈਵੇਅ 'ਤੇ ਦੋਹਾਂ ਪਾਸਿਓਂ ਹਲਕੇ ਮੋਟਰ ਵਾਹਨਾਂ ਦੀ ਆਵਾਜਾਈ ਜਾਰੀ ਹੈ, ਜਦਕਿ ਭਾਰੀ ਵਾਹਨਾਂ ਨੂੰ ਜੰਮੂ ਤੋਂ ਸ਼੍ਰੀਨਗਰ ਲਈ ਸ਼ਾਮ ਦੌਰਾਨ ਜਾਣ ਦੀ ਆਗਿਆ ਦਿੱਤੀ ਗਈ ਹੈ।

Tanu

This news is Content Editor Tanu