ਕੁਪਵਾੜਾ ਤੇ ਬਾਂਦੀਪੋਰਾ ''ਚ ਮੁਕਾਬਲਾ, ਜਵਾਨ ਸ਼ਹੀਦ, 4 ਜ਼ਖ਼ਮੀ

08/18/2018 10:02:05 AM

ਸ਼੍ਰੀਨਗਰ— ਉਤਰੀ ਕਸ਼ਮੀਰ ਦੇ ਬਾਂਦੀਪੋਰਾ ਅਤੇ ਕੁਪਵਾੜਾ ਵਿਖੇ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ 2 ਵੱਖ-ਵੱਖ ਮੁਕਾਬਲਿਆਂ ਦਰਮਿਆਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ 4 ਜਵਾਨ ਜ਼ਖ਼ਮੀ ਹੋ ਗਏ।  ਕੁਪਵਾੜਾ ਦੇ ਨੌਗਾਮ ਸੈਕਟਰ ਵਿਚ ਵੀਰਵਾਰ ਸ਼ੁਰੂ ਹੋਇਆ ਮੁਕਾਬਲਾ ਸ਼ੁੱਕਰਵਾਰ ਰਾਤ ਦੇਰ ਗਏ ਤੱਕ ਰੁਕ-ਰੁਕ ਕੇ ਜਾਰੀ ਸੀ।  ਮਿਲੀਆਂ ਰਿਪੋਰਟਾਂ ਮੁਤਾਬਕ ਪਹਿਲਾ ਮੁਕਾਬਲਾ ਹੰਦਵਾੜਾ ਦੇ ਕਰਾਲਗੁੰਡ ਵਿਖੇ ਹੋਇਆ। ਇਥੇ ਇਕ ਜਵਾਨ ਸ਼ਹੀਦ ਹੋ ਗਿਆ। ਫੌਜ ਦੀ 32 ਆਰ. ਆਰ. ਦੇ ਜਵਾਨਾਂ ਨੇ ਕਰਾਲਗੁੰਡ ਨੇੜੇ ਕਾਚਲੂ ਪਿੰਡ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਪਿੱਛੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀਆਂ ਦੀ ਇਕ ਮੁਹਿੰਮ ਚਲਾਈ। ਜਵਾਨ ਜਿਵੇਂ ਹੀ ਤਲਾਸ਼ੀਆਂ ਲੈਂਦੇ ਹੋਏ ਪਿੰਡ ਦੇ ਬਾਹਰੀ ਸਿਰੇ 'ਤੇ ਪੁੱਜੇ ਤਾਂ ਉਥੇ ਇਕ ਥਾਂ ਲੁੱਕੇ ਹੋਏ ਅੱਤਵਾਦੀਆਂ ਨੇ ਜਵਾਨਾਂ 'ਤੇ ਗ੍ਰਨੇਡ ਦਾਗੇ ਅਤੇ ਨਾਲ ਹੀ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਕੀਤੀ। ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਇਕ ਰਾਈਫਲਮੈਨ ਰਾਮ ਬਾਬੂ ਸਾਹੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।
ਦੂਜਾ ਮੁਕਾਬਲਾ ਹਾਜਿਨ ਇਲਾਕੇ ਦੇ ਮੀਰ ਮੁਹੱਲੇ ਵਿਚ ਹੋਇਆ। ਇਥੇ ਵੀ ਜਵਾਨਾਂ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਫੌਜ ਅਤੇ ਪੁਲਸ ਦੀ ਇਕ ਸਾਂਝੀ ਟੀਮ ਨੇ ਤਲਾਸ਼ੀਆਂ ਦੀ ਮੁਹਿੰਮ ਚਲਾਈ। ਜਿਵੇਂ ਹੀ ਇਕ ਥਾਂ 'ਤੇ ਜਵਾਨਾਂ ਨੇ ਅੱਤਵਾਦੀਆਂ ਨੂੰ ਘੇਰਿਆ ਤਾਂ ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਹੀ ਇਲਾਕੇ ਵਿਚ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਏ ਅਤੇ ਜਲੂਸ ਕੱਢਿਆ। ਉਨ੍ਹਾਂ ਅੱਤਵਾਦੀਆਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਸੁਰੱਖਿਆ ਫੋਰਸਾਂ ਦੇ ਜਵਾਨਾਂ 'ਤੇ ਭਾਰੀ ਪਥਰਾਅ ਕੀਤਾ। ਜਵਾਨਾਂ ਨੇ ਪਹਿਲਾਂ ਤਾਂ ਸੰਜਮ ਬਣਾਈ ਰੱਖਿਆ ਪਰ ਜਦੋਂ ਪਥਰਾਅ ਤੇਜ਼ ਹੋ ਗਿਆ ਤਾਂ ਉਨ੍ਹਾਂ ਅੱਥਰੂ ਗੈਸ ਦੀ ਵਰਤੋਂ ਕਰ ਕੇ ਪੱਥਰਬਾਜ਼ਾਂ ਦੀ ਭੀੜ ਨੂੰ ਖਦੇੜ ਦਿੱਤਾ। ਇਸ ਦੌਰਾਨ ਅੱਤਵਾਦੀ ਫਰਾਰ ਹੋਣ ਵਿਚ ਸਫਲ ਹੋ ਗਏ। ਪੂਰੇ ਇਲਾਕੇ ਵਿਚ ਹਾਲਾਤ ਖਿਚਾਅ ਭਰਪੂਰ ਬਣ ਜਾਣ ਪਿੱਛੋਂ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ।