ਕੇਦਾਰਨਾਥ ਅਤੇ ਬਦਰੀਨਾਥ ਦੀ ਸੁਰੱਖਿਆ ਦਾ ਜ਼ਿੰਮਾ ITBP ਨੇ ਸੰਭਾਲਿਆ

12/19/2023 1:45:58 PM

ਦੇਹਰਾਦੂਨ, (ਭਾਸ਼ਾ)- ਉਤਰਾਖੰਡ ਦੇ ਉੱਚੇ ਹਿਮਾਲਿਆਈ ਖੇਤਰ ’ਚ ਸਥਿਤ ਕੇਦਾਰਨਾਥ ਤੇ ਬਦਰੀਨਾਥ ਮੰਦਰਾਂ ਦੇ ਕਿਵਾੜ ਬੰਦ ਹੋਣ ਤੋਂ ਬਾਅਦ ਦੋਵਾਂ ਧਾਮਾਂ ਦੀ ਸੁਰੱਖਿਆ ਲਈ ਭਾਰਤੀ ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਸ਼੍ਰੀ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਚੇਅਰਮੈਨ ਅਜੇਂਦਰ ਅਜੇ ਨੇ ਸੋਮਵਾਰ ਨੂੰ ਦੱਸਿਆ ਕਿ ਦੋਵਾਂ ਧਾਮਾਂ ’ਚ ਆਈ. ਟੀ. ਬੀ. ਪੀ. ਦੇ ਜਵਾਨਾਂ ਦੀ ਇਕ-ਇਕ ਪਲਟੂਨ ਪਹੁੰਚ ਗਈ ਹੈ ਅਤੇ ਉਨ੍ਹਾਂ ਨੇ ਮੰਦਰਾਂ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲ ਲਿਆ ਹੈ।

ਬੀਤੇ ਸਾਲ ਕੇਦਾਰਨਾਥ ਧਾਮ ਦੇ ਗਰਭ ਗ੍ਰਹਿ ’ਤੇ ਸੋਨਾ ਮੜ੍ਹਾਉਣ ਅਤੇ ਦੋਵਾਂ ਧਾਮਾਂ ’ਚ ਮਾਸਟਰ ਪਲਾਨ ਤਹਿਤ ਚੱਲ ਰਹੇ ਵੱਡੇ ਪੱਧਰ ’ਤੇ ਮੁੜ-ਨਿਰਮਾਣ ਕਾਰਜਾਂ ਕਾਰਨ ਉੱਥੇ ਲੋਕਾਂ ਦੀ ਆਵਾਜਾਈ ਨੂੰ ਵੇਖਦੇ ਹੋਏ ਅਜੇ ਨੇ ਸੂਬਾ ਸਰਕਾਰ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ​​ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਇਕ ਪੱਤਰ ’ਚ ਧਾਮਾਂ ਦੀ ਮੁਸ਼ਕਲ ਭੂਗੋਲਿਕ ਸਥਿਤੀਆਂ ਦੇ ਮੱਦੇਨਜ਼ਰ ਆਈ. ਟੀ. ਬੀ. ਪੀ. ਦੀ ਤਾਇਨਾਤੀ ਦੀ ਮੰਗ ਕੀਤੀ ਸੀ। ਇਸ ’ਤੇ ਕਾਰਵਾਈ ਕਰਦਿਆਂ ਸੂਬਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਆਈ. ਟੀ. ਬੀ. ਪੀ. ਦੀ ਤਾਇਨਾਤੀ ਲਈ ਬੇਨਤੀ ਕੀਤੀ ਸੀ।

Rakesh

This news is Content Editor Rakesh