ਲੱਦਾਖ ’ਚ ਆਜ਼ਾਦੀ ਦੇ ਰੰਗ ’ਚ ਰੰਗੇ ITBP ਜਵਾਨ, ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਗੂੰਜਿਆ ਆਸਮਾਨ

08/15/2021 2:32:38 PM

ਲੱਦਾਖ— ਭਾਰਤ ਅੱਜ ਯਾਨੀ ਕਿ ਐਤਵਾਰ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਵਿਚ ਡੁੱਬਿਆ ਹੈ। ਇਸ ਮੌਕੇ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਲੋਕ ਆਪਣੇ-ਆਪਣੇ ਤਰੀਕੇ ਨਾਲ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਹੇ ਹਨ। 

ਓਧਰ ਪੂਰਬੀ ਲੱਦਾਖ ਵਿਚ ਚੀਨ ਨਾਲ ਖਿੱਚੋਂਤਾਣ ਦਰਮਿਆਨ ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨਾਂ ਨੇ ਪੈਂਗੋਂਗ ਤਸੋ ਝੀਲ ਕੰਢੇ ਆਜ਼ਾਦੀ ਦਾ ਜਸ਼ਨ ਮਨਾਇਆ। ਇਸ ਦੌਰਾਨ ਜਵਾਨਾਂ ਨੇ ਭਾਰਤ ਮਾਤਾ ਦੀ ਜੈ ਨਾਲ ਹੀ ਵੰਦੇ ਮਾਤਰਮ ਦਾ ਨਾਅਰਾ ਵੀ ਲਾਇਆ। ਚੀਨ ਦੀ ਸਰਹੱਦ ਕੋਲ ਤਾਇਨਾਤ ਜਵਾਨਾਂ ਨੇ 15 ਅਗਸਤ ਮੌਕੇ ਰਾਸ਼ਟਰੀ ਗੀਤ ‘ਜਨ ਗਨ, ਮਨ’ ਵੀ ਗਾਇਆ। 

ਤਸਵੀਰਾਂ ਵਿਚ ਨੀਲੇ ਆਸਮਾਨ ਹੇਠਾਂ ਆਈ. ਟੀ. ਬੀ. ਪੀ. ਦੇ ਜਵਾਨ ਹੱਥਾਂ ਵਿਚ ਤਿਰੰਗਾ ਫੜੀ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਆਈ. ਟੀ. ਬੀ. ਪੀ. ਦੇ ਜਵਾਨ ਹੱਥਾਂ ਵਿਚ ਤਿਰੰਗਾ ਫੜੀ ਨਜ਼ਰ ਆ ਰਹੇ ਹਨ, ਉਨ੍ਹਾਂ ਦੇ ਪਿੱਛੇ ਝੀਲ ਦਾ ਸਾਫ਼ ਪਾਣੀ ਅਤੇ ਪਹਾੜਾਂ ਦਾ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। 

ਆਈ. ਟੀ. ਬੀ. ਪੀ. ਜਵਾਨਾਂ ਨੇ ਤਿਰੰਗਾ ਲਹਿਰਾਉਣ ਦੇ ਨਾਲ-ਨਾਲ ਇਸ ਮੌਕੇ ਗਨ ਸੈਲਿਊਟ ਵੀ ਦਿੱਤਾ ਅਤੇ ਰਾਸ਼ਟਰੀ ਗੀਤ ਵੀ ਗਾਇਆ।

 

ਜਵਾਨਾਂ ਨੇ ‘ਭਾਰਤ ਮਾਤਾ ਦੀ ਜੈ’, ‘ਆਈ. ਟੀ. ਬੀ. ਪੀ. ਦੀ ਜੈ’ ਦੇ ਨਾਅਰੇ ਵੀ ਲਾਏ। ਵੀਡੀਓ ’ਚ ਜਵਾਨਾਂ ਦੇ ਪੂਰੇ ਜੋਸ਼ ਨਾਲ ਨਾਅਰੇਬਾਜ਼ੀ ਕਰਦੇ ਅਤੇ ਰਾਸ਼ਟਰੀ ਗੀਤ ਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ। 

ਦੱਸਣਯੋਗ ਹੈ ਕਿ ਪੂਰਬੀ ਲੱਦਾਖ ਦਾ ਪੈਂਗੋਂਗ ਤਸੋ ਲੇਕ (ਝੀਲ) ਉਹ ਇਲਾਕਾ ਹੈ, ਜਿੱਥੇ ਭਾਰਤ ਅਤੇ ਚੀਨ ਵਿਚਾਲੇ ਬੀਤੇ ਸਾਲ ਅਪ੍ਰੈਲ ਦੇ ਅਖ਼ੀਰ ਵਿਚ ਤਣਾਅ ਸ਼ੁਰੂ ਹੋਇਆ ਸੀ। ਦੋਹਾਂ ਦੇਸ਼ਾਂ ਵਿਚਾਲੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ’ਤੇ ਝੜਪ ਦਰਮਿਆਨ ਤਣਾਅ ਪੈਦਾ ਹੋਇਆ ਸੀ। 

Tanu

This news is Content Editor Tanu