ਚੰਦਰਯਾਨ-2 ਮਿਸ਼ਨ 95% ਸਫਲ, ਆਰਬਿਟਰ 7 ਸਾਲ ਕਰੇਗਾ ਕੰਮ : ਇਸਰੋ

09/07/2019 8:07:53 PM

ਨਵੀਂ ਦਿੱਲੀ— ਮਿਸ਼ਨ ਚੰਦਰਯਾਨ-2 ਨੂੰ ਲੈ ਕੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵੱਡਾ ਬਿਆਨ ਦਿੱਤਾ ਹੈ। ਇਸਰੋ ਨੇ ਕਿਹਾ ਕਿ ਚੰਦਰਯਾਨ-2 ਆਪਣੇ ਮਿਸ਼ਨ ਦਾ 95% ਟੀਚਾ ਹਾਸਲ ਕਰ ਲਿਆ ਹੈ। ਇਸਰੋ ਨੇ ਕਿਹਾ ਕਿ ਚੰਦਰਯਾਨ-2 ਨਾਲ ਗਿਆ ਆਰਬਿਟਰ ਆਪਣੇ ਪੰਧ 'ਚ ਸਥਾਪਿਤ ਹੋ ਚੁੱਕਾ ਹੈ ਅਤੇ ਇਹ ਅਗਲੇ 7 ਸਾਲ ਤਕ ਕੰਮ ਕਰ ਸਕਦਾ ਹੈ। ਪਹਿਲਾਂ ਇਕ ਸਾਲ ਤਕ ਹੀ ਕੰਮ ਕਰਨ ਦੀ ਗੁੰਜਾਇਸ਼ ਸੀ। ਇਸਰੋ ਨੇ ਕਿਹਾ ਕਿ ਚੰਦਰਯਾਨ-2 ਕਾਫੀ ਮੁਸ਼ਕਿਲ ਭਰਿਆ ਮਿਸ਼ਨ ਸੀ, ਜੋ ਕਿ ਇਸਰੋ ਦੇ ਪਿਛਲੇ ਮਿਸ਼ਨ ਦੀ ਤੁਲਨਾ 'ਚ ਤਕਨੀਕੀ ਰੂਪ ਨਾਲ ਬੇਹੱਦ ਉੱਚ ਦਰਜੇ ਦਾ ਸੀ। ਇਸ ਮਿਸ਼ਨ 'ਚ ਆਰਬਿਟਰ, ਲੈਂਡਰ ਤੇ ਰੋਵਰ ਨੂੰ ਇਕੱਠੇ ਚੰਦਰਮਾ ਦੇ ਦੱਖਣੀ ਹਿੱਸੇ ਦੀ ਜਾਣਕਾਰੀ ਲੈਣ ਲਈ ਭੇਜਿਆ ਗਿਆ ਸੀ। ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਵੀ ਚੰਦਰ ਵਿਗਿਆਨ 'ਚ ਯੋਗਦਾਨ ਕਰਨਾ ਜਾਰੀ ਰੱਖੇਗਾ। ਇਸਰੋ ਦੇ ਪ੍ਰਧਾਨ ਕੇ. ਸਿਵਨ ਨੇ ਲੈਂਡਰ ਦੇ ਸੰਪਰਕ ਟੁੱਟਣ 'ਤੇ ਕਿਹਾ, 'ਵਿਕਰਮ ਲੈਂਡਰ ਚੰਦ ਦੀ ਸਤਾਹ ਤੋਂ 2.1 ਕਿਲੋਮੀਟਰ ਦੀ ਉੱਚਾਈ ਤਕ ਆਮ ਤਰੀਕੇ ਨਾਲ ਹੀ ਉਤਰਿਆ ਪਰ ਬਾਅਦ 'ਚ ਉਸ ਦਾ ਧਰਤੀ ਨਾਲ ਸੰਪਰਕ ਟੁੱਟ ਗਿਆ।'

ਇਸਰੋ ਮੁਤਾਬਕ ਆਰਬਿਟਰ ਨੂੰ ਇਸ ਦੇ ਪੰਧ 'ਚ ਸਥਾਪਿਤ ਕੀਤਾ ਜਾ ਚੁੱਕਾ ਹੈ ਅਤੇ ਇਹ ਚੰਦ ਦੇ ਚੱਕਰ ਲਗਾ ਰਿਹਾ ਹੈ। ਇਸਰੋ ਦਾ ਕਹਿਣਾ ਹੈ ਕਿ ਆਰਬਿਟਰ ਤੋਂ ਮਿਲਣ ਵਾਲੇ ਅੰਕੜਿਆਂ ਨਾਲ ਚੰਦ ਦੀ ਸ਼ੁਰੂਆਤ, ਇਸ 'ਤੇ ਮੌਜੂਦ ਖਣਿਜ ਤੇ ਪਾਣੀ ਦੇ ਅਣੂਆਂ ਦੀ ਜਾਣਕਾਰੀ ਮਿਲੇਗੀ। ਇਸਰੋ ਨੇ ਦੱਸਿਆ ਕਿ ਆਰਬਿਟਰ 'ਚ ਉੱਚ ਤਕਨੀਕ ਦੇ 8 ਵਿਗਿਆਨਕ ਉਪਕਰਣ ਲੱਗੇ ਹੋਏ ਹਨ। ਆਰਬਿਟਰ 'ਚ ਲੱਗਾ ਕੈਮਰਾ ਚੰਦ ਦੇ ਮਿਸ਼ਨ 'ਤੇ ਗਏ ਸਾਰੇ ਅਭਿਆਨਾਂ 'ਚੋਂ ਹੁਣ ਤਕ ਦਾ ਸਭ ਤੋਂ ਜ਼ਿਆਦਾ ਰੈਜੂਲੇਸ਼ਨ ਦਾ ਹੈ। ਇਸ ਕੈਮਰੇ ਨਾਲ ਆਉਣ ਵਾਲੀ ਤਸਵੀਰ ਉੱਚ ਪੱਧਰ ਦੀ ਹੋਵੇਗੀ ਤੇ ਦੁਨੀਆ ਵਿਗਿਆਨਕ ਬਿਰਾਦਰੀ ਇਸ ਦਾ ਲਾਭ ਲੈ ਸਕੇਗੀ। ਇਸਰੋ ਦਾ ਕਹਿਣਾ ਹੈ ਕਿ ਆਰਬਿਟਰ ਦੀ ਪਹਿਲਾਂ ਦੇ ਅੰਦਾਜੇ ਤੋਂ ਜ਼ਿਆਦਾ 7 ਸਾਲ ਤਕ ਕੰਮ ਕਰਨ 'ਚ ਸਮਰੱਥ ਹੋ ਸਕੇਗਾ।

Inder Prajapati

This news is Content Editor Inder Prajapati