ਨਵੇਂ ਸਾਲ ’ਚ ਇਸਰੋ ਸ਼ੁਰੂ ਕਰੇਗਾ ਨਵਾਂ ਮਿਸ਼ਨ

12/31/2023 8:31:49 PM

ਚੇਨਈ, (ਯੂ. ਐੱਨ. ਆਈ.)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਵੇਂ ਸਾਲ ਦੀ ਸ਼ੁਰੂਆਤ ਨਵੇਂ ਮਿਸ਼ਨ ਨਾਲ ਕਰਨ ਜਾ ਰਿਹਾ ਹੈ। ਇਸਰੋ ਦੇ ਨਵੇਂ ਮਿਸ਼ਨ ਪੀ. ਐੱਸ. ਐੱਲ. ਵੀ. -ਸੀ-58/ਐਕਸ. ਪੀ. ਓ. ਸੈੱਟ, ਐਕਸ-ਰੇ ਪੋਲੀਮੀਟਰ ਸੈਟੇਲਾਈਟ, 10 ਹੋਰ ਪੇਲੋਡ ਦੀ ਲਾਂਚਿੰਗ ਲਈ 25 ਘੰਟੇ ਦੀ ਉਲਟੀ ਗਿਣਤੀ ਐਤਵਾਰ ਸਵੇਰੇ ਸ਼੍ਰੀਹਰੀਕੋਟਾ ਦੇ ਪੁਲਾੜ ਬੰਦਰਗਾਹ ’ਤੇ ਸ਼ੁਰੂ ਹੋਈ। ਇਸਰੋ ਦੇ ਜੁੜੇ ਸੂਤਰਾਂ ਨੇ ਦੱਸਿਆ ਕਿ 25 ਘੰਟੇ ਦੀ ਉਲਟੀ ਗਿਣਤੀ ਅੱਜ ਸਵੇਰੇ 8.10 ਵਜੇ ਸ਼ੁਰੂ ਹੋਈ।

ਇਸਰੋ ਨੇ ਕਿਹਾ, ‘‘1 ਜਨਵਰੀ, 2024 ਨੂੰ ਸਵੇਰੇ 09.10 ਵਜੇ ਲਾਂਚ ਕੀਤੇ ਜਾਣ ਵਾਲੇ ਮਿਸ਼ਨ ਲਈ 25 ਘੰਟੇ ਦੀ ਉਲਟੀ ਗਿਣਤੀ ਭਾਰਤੀ ਸਮੇਂ ਅਨੁਸਾਰ ਅੱਜ ਸਵੇਰੇ 08.10 ਵਜੇ ਸ਼ੁਰੂ ਹੋ ਗਈ। ਇਸਰੋ ਅਨੁਸਾਰ ਉਲਟੀ ਗਿਣਤੀ ਦੌਰਾਨ ਚਾਰ ਪੜਾਵਾਂ ਵਾਲੇ ਵਾਹਨ ’ਚ ਪ੍ਰੋਪੈਲੈਂਟਸ ਭਰਨ ਦਾ ਕੰਮ ਹੋਵੇਗਾ, ਜਿਸ ’ਚ ਠੋਸ ਅਤੇ ਤਰਲ ਈਂਧਣ ਹੈ। ਇਸਰੋ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ 44.4 ਮੀਟਰ ਉੱਚਾ ਪੀ. ਐੱਸ. ਐੱਲ. ਵੀ.-ਸੀ 58 (ਆਪਣੀ 60ਵੀਂ ਉਡਾਣ ’ਚ ਅਤੇ ਡੀ. ਐੱਲ. ਐਡੀਸ਼ਨ ਤਹਿਤ ਚੌਥੇ) 260 ਟਨ ਦੇ ਭਾਰ ਨਾਲ ਸੋਮਵਾਰ ਨੂੰ ਸ਼ਾਰ ਰੇਂਜ ਤੋਂ ਸਵੇਰੇ 09.10 ਵਜੇ ਪਹਿਲੇ ਲਾਂਚ ਪੈਡ ਤੋਂ ਉਡਾਣ ਭਰੇਗਾ।

Rakesh

This news is Content Editor Rakesh