ਯੂ. ਪੀ. ’ਚ ਇਸਰੋ ਦਾ ਪਹਿਲਾ ਸਫਲ ਪ੍ਰੀਖਣ, ਰਾਕੇਟ ਨੇ 1.1 ਕਿਲੋਮੀਟਰ ਤੱਕ ਭਰੀ ਉਡਾਣ
Sunday, Jun 15, 2025 - 11:20 AM (IST)

ਕੁਸ਼ੀਨਗਰ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਤਮਕੁਹੀਰਾਜ ਤਹਿਸੀਲ ਦੇ ਜੰਗਲੀ ਪੱਟੀ ਪਿੰਡ ਵਿਚ ਸ਼ਨੀਵਾਰ ਨੂੰ ਇਸਰੋ ਦੇ ਵਿਗਿਆਨੀਆਂ ਦੀ ਮੌਜੂਦਗੀ ਵਿਚ ਥ੍ਰਸਟ ਟੇਕ ਇੰਡੀਆ ਲਿਮਟਿਡ ਵੱਲੋਂ ਰਾਕੇਟ ਲਾਂਚਿੰਗ ਦਾ ਸਫਲ ਪ੍ਰੀਖਣ ਕੀਤਾ ਗਿਆ। ਇਹ ਉੱਤਰ ਪ੍ਰਦੇਸ਼ ਵਿਚ ਇਸਰੋ ਦਾ ਪਹਿਲਾ ਰਾਕੇਟ ਲਾਂਚਿੰਗ ਪ੍ਰੀਖਣ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਪ੍ਰੀਖਣ ਸਮੁੰਦਰੀ ਖੇਤਰਾਂ ਵਿਚ ਕੀਤੇ ਜਾਂਦੇ ਸਨ।
ਪ੍ਰੀਖਣ ਦੌਰਾਨ ਸ਼ਾਮ 5 ਵੱਜ ਕੇ 14 ਮਿੰਟ 33 ਸਕਿੰਟ ’ਤੇ ਰਾਕੇਟ ਨੂੰ ਛੱਡਿਆ ਗਿਆ, ਜਿਸ ਨੇ ਜ਼ਮੀਨ ਤੋਂ 1.1 ਕਿਲੋਮੀਟਰ ਦੀ ਉੱਚਾਈ ਤੱਕ ਉਡਾਣ ਭਰੀ। ਰਾਕੇਟ ਤੋਂ ਇਕ ਛੋਟਾ ਉਪਗ੍ਰਹਿ ਬਾਹਰ ਨਿਕਲਿਆ, ਜੋ ਲੱਗਭਗ 5 ਮੀਟਰ ਹੇਠਾਂ ਆ ਕੇ ਪੈਰਾਸ਼ੂਟ ਰਾਹੀਂ ਸੁਰੱਖਿਅਤ ਜ਼ਮੀਨ ’ਤੇ ਉਤਰ ਗਿਆ। ਰਾਕੇਟ ਵੀ ਪੈਰਾਸ਼ੂਟ ਦੀ ਵਰਤੋਂ ਕਰ ਕੇ ਹੌਲੀ-ਹੌਲੀ ਜ਼ਮੀਨ ’ਤੇ ਆਇਆ। ਰਾਕੇਟ ਦਾ ਕੁੱਲ ਭਾਰ 15 ਕਿਲੋਗ੍ਰਾਮ ਸੀ, ਜਿਸ ਵਿਚ 2.26 ਕਿਲੋਗ੍ਰਾਮ ਈਂਧਨ ਭਰਿਆ ਗਿਆ ਸੀ। ਈਂਧਨ ਲੱਗਭਗ 2.6 ਸਕਿੰਟਾਂ ਲਈ ਬਲਦਾ ਰਿਹਾ, ਜਿਸ ਕਾਰਨ ਰਾਕੇਟ ਸੈਟੇਲਾਈਟ ਨੂੰ ਉੱਪਰ ਲੈ ਗਿਆ।
ਵਿਗਿਆਨੀਆਂ ਨੇ ਦੱਸਿਆ ਕਿ ਅਹਿਮਦਾਬਾਦ ਵਿਚ ਪਹਿਲਾਂ ਡਰੋਨ ਰਾਹੀਂ ਸੈਟੇਲਾਈਨ ਨੂੰ ਭੇਜਿਆ ਜਾਂਦਾ ਸੀ, ਪਰ ਇਥੇ ਪਹਿਲੀ ਵਾਰ ਰਾਕੇਟ ਨਾਲ ਸੈਟੇਲਾਈਨ ਭੇਜਿਆ ਗਿਆ ਹੈ। ਪ੍ਰੀਖਣ ਪੂਰੀ ਤਰ੍ਹਾਂ ਸਫਲ ਰਿਹਾ। ਇਸਰੋ ਦੇ ਵਿਗਿਆਨੀ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਇਸਰੋ ਟੀਮ ਨੇ ਫਰਵਰੀ ਵਿਚ ਇਸ ਖੇਤਰ ਦਾ ਨਿਰੀਖਣ ਕੀਤਾ ਸੀ ਅਤੇ ਇਸ ਜਗ੍ਹਾ ਨੂੰ ਟੈਸਟਿੰਗ ਲਈ ਢੁਕਵਾਂ ਪਾਇਆ ਸੀ। ਅਕਤੂਬਰ ਤੋਂ ਨਵੰਬਰ ਦੇ ਵਿਚਕਾਰ ਦੇਸ਼ ਭਰ ਦੇ ਲੱਗਭਗ 900 ਵਿਦਿਆਰਥੀ ਵਿਗਿਆਨੀਆਂ ਵੱਲੋਂ ਬਣਾਏ ਗਏ ਉਪਗ੍ਰਹਿਆਂ ਦੀ ਵੀ ਇਸ ਜਗ੍ਹਾ ਤੋਂ ਜਾਂਚ ਕੀਤੀ ਜਾਵੇਗੀ।