ਇਸਰੋ ਇਸ ਸਾਲ ਦੇ ਪਹਿਲੇ ਮਿਸ਼ਨ ਲਈ ਤਿਆਰ, ਅੱਜ ਲਾਂਚ ਕਰੇਗਾ ਬ੍ਰਾਜ਼ੀਲੀ ਸੈਟੇਲਾਈਟ

02/28/2021 9:55:26 AM

ਨਵੀਂ ਦਿੱਲੀ (ਬਿਊਰੋ): ਭਾਰਤੀ ਸਪੇਸ ਅਨੁਸੰਧਾਨ ਸੰਗਠਨ (ਇਸਰੋ) 2021 ਦੇ ਆਪਣੇ ਪਹਿਲੇ ਮਿਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸਰੋ ਐਤਵਾਰ ਨੂੰ ਸ਼੍ਰੀਹਰਿਕੋਟਾ ਸਪੇਸ  ਸਟੇਸ਼ਨ ਤੋਂ ਪਹਿਲੀ ਵਾਰ ਬ੍ਰਾਜ਼ੀਲ ਦੇ ਸੈਟੇਲਾਈਟ ਨੂੰ ਲਾਂਚ ਕਰੇਗਾ। ਭਾਵੇਂਕਿ ਮਿਸ਼ਨ ਦੀ ਲਾਂਚਿੰਗ ਕਾਫੀ ਹੱਦ ਤੱਕ ਮੌਸਮ 'ਤੇ ਨਿਰਭਰ ਕਰੇਗੀ, ਜਿਸ ਦੀ ਉਲਟੀ ਗਿਣਤੀ ਸ਼ਨੀਵਾਰ ਸਵੇਰੇ 8:54 ਵਜੇ ਸ਼ੁਰੂ ਗਈ। ਪੀ.ਐੱਸ.ਐੱਲ.ਵੀ-ਸੀ51 (ਪੋਲਰ ਸੈਟੇਲਾਈਟ ਲਾਂਚ ਵ੍ਹੀਕਲ) ਦਾ 53ਵਾਂ ਮਿਸ਼ਨ ਹੈ।

ਇਸ ਰਾਕੇਟ ਜ਼ਰੀਏ ਬ੍ਰਾਜ਼ੀਲ ਦੇ ਅਮੇਜੋਨੀਆ-1 ਸੈਟੇਲਾਈਟ ਨਾਲ 18 ਹੋਰ ਸੈਟੇਲਾਈਟ ਵੀ ਸਪੇਸ ਵਿਚ ਭੇਜੇ ਜਾਣਗੇ। ਅਮੇਜੋਨੀਆ-1 ਇਸਰੋ ਦੀ ਵਪਾਰਕ ਇਕਾਈ ਨਿਊਸਪੇਸ ਇੰਡੀਆ ਲਿਮੀਟਿਡ (ਐੱਨ.ਐੱਸ.-ਆਈ.ਐੱਲ.) ਦਾ ਪਹਿਲਾ ਸਮਰਪਿਤ ਵਪਾਰਕ ਮਿਸ਼ਨ ਹੈ। ਇਹ ਬ੍ਰਾਜ਼ੀਲੀ ਸੈਟੇਲਾਈਟ ਐਮਾਜ਼ਾਨ ਖੇਤਰ ਵਿਚ ਜੰਗਲਾਂ ਦੀ ਕਟਾਈ ਦੀ ਨਿਗਰਾਨੀ ਅਤੇ ਖੇਤੀ ਵਿਸ਼ਲੇਸ਼ਣ ਲਈ ਯੂਜ਼ਰਸ ਨੂੰ ਰਿਮੋਟ ਸੈਂਸਿੰਗ ਡਾਟਾ ਮੁਹੱਈਆ ਕਰਾਏਗਾ। ਨਾਲ ਹੀ ਮੌਜੂਦਾ ਢਾਂਚੇ ਨੂੰ ਹੋਰ ਮਜ਼ਬੂਤ ਬਣਾਏਗਾ। ਇਸ ਦੀ ਲਾਂਚਿੰਗ ਨਾਲ ਹੀ ਭਾਰਤ ਵੱਲੋਂ ਸਪੇਸ ਵਿਚ ਭੇਜੇ ਗਏ ਵਿਦੇਸ਼ੀ ਸੈਟੇਲਾਈਟਾਂ ਦੀ ਗਿਣਤੀ ਵੱਧ ਕੇ 342 ਹੋ ਜਾਵੇਗੀ।

ਸਤੀਸ਼ ਭਵਨ ਸੈਟੇਲਾਈਟ ਵੀ ਹੋਵੇਗਾ ਲਾਂਚ
18 ਹੋਰ ਸੈਟੇਲਾਈਟਾਂ ਵਿਚ ਚੇਨਈ ਦੇ ਸਪੇਸ ਕਿਡਜ਼ ਇੰਡੀਆ (ਐੱਸ.ਕੇ.ਆਈ.) ਦੇ ਸਤੀਸ਼ ਧਵਨ ਸੈਟੇਲਾਈਟ ਨੂੰ ਵੀ ਲਾਂਚ ਕੀਤਾ ਜਾਵੇਗਾ। ਇਸ ਸੈਟੇਲਾਈਟ 'ਤੇ ਪੀ.ਐੱਮ. ਮੋਦੀ ਦੀ ਤਸਵੀਰ ਲਗਾਈ ਗਈ ਹੈ। ਐੱਸ.ਕੇ.ਆਈ. ਨੇ ਕਿਹਾ, ਇਹ ਪੀ.ਐੱਮ. ਦੀ ਆਤਮ ਨਿਰਭਰ ਪਹਿਲ ਅਤੇ  ਸਪੇਸ ਨਿਜੀਕਰਨ ਦੇ ਪ੍ਰਤੀ ਇਕਜੁੱਟਤਾ ਦਿਖਾਉਣ ਲਈ ਕੀਤੀ ਗਈ ਹੈ। ਇਸ ਦੇ ਇਲਾਵਾ ਚਾਰ ਸੈਟੇਲਾਈਟ ਇਸਰੋ ਦੇ ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਆਥਰਾਈਜੇਸ਼ਨ ਸੈਂਟਰ ਅਤੇ 14 ਐੱਨ.ਐੱਸ.ਆਈ.ਐੱਲ. ਦੇ ਹਨ।

ਯੂ-ਟਿਊਬ, ਟਵਿੱਟਰ 'ਤੇ ਲਾਈਵ ਪ੍ਰਸਾਰਨ
ਕੋਵਿਡ-19 ਨਿਯਮਾਂ ਦੇ ਕਾਰਨ ਸਤੀਸ਼ ਧਵਨ ਸਪੇਸ ਸੈਂਟਰ 'ਤੇ ਮੀਡੀਆ ਕਰਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਲਾਂਚਿੰਗ ਗੈਲਰੀ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਭਾਵੇਂਕਿ ਇਸਰੋ ਦੀ ਵੈਬਸਾਈਟ, ਯੂ-ਟਿਊਬ, ਫੇਸਬੁੱਕ ਅਤੇ ਟਵਿੱਟਰ 'ਤੇ ਇਸ ਦਾ ਲਾਈਵ ਪ੍ਰਸਾਰਨ ਦੇਖਿਆ ਜਾ ਸਕਦਾ ਹੈ।

Vandana

This news is Content Editor Vandana