ਇਜ਼ਰਾਈਲ ਦੇ ਪੀ.ਐੱਮ. ਨੇ ਰੱਦ ਕੀਤੀ ਭਾਰਤ ਯਾਤਰਾ

09/03/2019 5:19:55 PM

ਯੇਰੂਸ਼ਲਮ/ਨਵੀਂ ਦਿੱਲੀ (ਭਾਸ਼ਾ)— ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਦੇਸ਼ ਵਿਚ ਮੱਧ ਮਿਆਦ ਦੀਆਂ ਚੋਣਾਂ ਦਾ ਹਵਾਲਾ ਦੇ ਕੇ 9 ਸਤੰਬਰ ਦੀ ਭਾਰਤ ਦੀ ਆਪਣੀ ਨਿਰਧਾਰਤ ਯਾਤਰਾ ਰੱਦ ਕਰ ਦਿੱਤੀ। ਉਹ ਇਕ ਦਿਨ ਦੀ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ ਆਉਣ ਵਾਲੇ ਸਨ। ਸੂਤਰਾਂ ਨੇ ਦੱਸਿਆ ਕਿ ਨੇਤਨਯਾਹੂ ਨੇ ਮੰਗਲਵਾਰ ਸਵੇਰੇ ਮੋਦੀ ਨਾਲ ਗੱਲ ਕੀਤੀ। ਇਸ ਦੌਰਾਨ ਇਜ਼ਰਾਈਲ ਵਿਚ 17 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਕਾਰਨ ਦੋਵੇਂ ਨੇਤਾ ਨੇਤਨਯਾਹੂ ਦੀ ਨਵੀਂ ਦਿੱਲੀ ਦੀ ਨਿਰਧਾਰਿਤ ਯਾਤਰਾ ਨੂੰ ਰੱਦ ਕੀਤੇ ਜਾਣ 'ਤੇ ਸਹਿਮਤ ਹੋ ਗਏ। ਇਹ ਸਾਲ ਵਿਚ ਦੂਜੀ ਵਾਰ ਹੈ ਜਦੋਂ ਇਜ਼ਰਾਈਲ ਦੇ ਨੇਤਾ ਨੇ ਭਾਰਤ ਦੀ ਆਪਣੀ ਨਿਰਧਾਰਤ ਯਾਤਰਾ ਨੂੰ ਰੱਦ ਕੀਤਾ ਹੈ।

ਉਹ ਅਪ੍ਰੈਲ ਵਿਚ ਚੋਣਾਂ ਤੋਂ ਪਹਿਲਾਂ ਵੀ ਭਾਰਤ ਦੀ ਆਪਣੀ ਯਾਤਰਾ ਰੱਦ ਕਰ ਚੁੱਕੇ ਹਨ। ਅਸਲ ਵਿਚ ਨੇਤਨਯਾਹੂ ਦੀ ਭਾਰਤ ਦੀ ਯਾਤਰਾ ਨੂੰ ਇਜ਼ਰਾਈਲ ਇਸ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਸੀ ਕਿ ਉਹ 17 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੁਨੀਆ ਭਰ ਵਿਚ ਆਪਣੀ ਪ੍ਰਵਾਨਗੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਆਪਣੇ ਪ੍ਰਚਾਰ ਨੂੰ ਗਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਜੁਲਾਈ ਵਿਚ ਨੇਤਨਯਾਹੂ ਦੀ ਲਿਕੁਦ ਪਾਰਟੀ ਨੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਉਨ੍ਹਾਂ ਦੀ ਤਸਵੀਰ ਵਾਲੇ ਬੈਨਰ ਲਗਾਏ ਸਨ। 

ਨੇਤਨਯਾਹੂ ਦਾ ਪ੍ਰਚਾਰ ਵਿਸ਼ਵ ਦੇ ਨੇਤਾਵਾਂ ਦੇ ਨਾਲ ਉਨ੍ਹਾਂ ਦੇ ਕਰੀਬੀ ਤਾਲਮੇਲ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਹੈ। ਪ੍ਰਚਾਰ ਮੁਹਿੰਮ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੇਤਨਯਾਹੂ ਇਜ਼ਰਾਈਲ ਦੀ ਰਾਜਨੀਤੀ ਵਿਚ ਇਕ ਅਜਿਹੇ ਨੇਤਾ ਦੇ ਤੌਰ 'ਤੇ ਪੇਸ਼ ਕੀਤਾ ਜਾਵੇ ਜਿਸ ਦਾ ਕੋਈ ਜੋੜ ਨਾ ਹੋਵੇ, ਜੋ ਦੇਸ਼ ਦੀ ਸੁਰੱਖਿਆ ਲਈ ਮਹੱਤਵਪੂਰਣ ਹੈ। ਦੇਸ਼ ਵਿਚ 9 ਅਪ੍ਰੈਲ ਨੂੰ ਹੋਈਆਂ ਚੋਣਾਂ ਵਿਚ ਕਿਸੇ ਵੀ ਦਲ ਨੂੰ ਬਹੁਮਤ ਨਹੀਂ ਮਿਲਿਆ ਸੀ ਅਤੇ ਨੇਤਨਯਾਹੂ ਗਠਜੋੜ ਸਰਕਾਰ ਬਣਾਉਣ ਵਿਚ ਅਸਫਲ ਰਹੇ ਸਨ। ਇਸ ਮਗਰੋਂ ਇਜ਼ਰਾਈਲ ਦੇ ਸਾਂਸਦਾਂ ਨੇ ਮਈ ਵਿਚ 21ਵੀਂ ਸੰਸਦ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ 45 ਦੇ ਮੁਕਾਬਲੇ 74 ਵੋਟਾਂ ਨਾਲ ਪਾਸ ਕਰ ਦਿੱਤਾ ਸੀ।

Vandana

This news is Content Editor Vandana