INX ਮੀਡੀਆ ਕੇਸ : ਚਿਦਾਂਬਰਮ ਨੇ ਜ਼ਮਾਨਤ ਲਈ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

10/03/2019 11:57:19 AM

ਨਵੀਂ ਦਿੱਲੀ— ਦਿੱਲੀ ਦੇ ਤਿਹਾੜ ਜੇਲ 'ਚ ਬੰਦ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਆਈ.ਐੱਨ.ਐੱਕਸ. ਮੀਡੀਆ ਭ੍ਰਿਸ਼ਟਾਚਾਰ ਕੇਸ 'ਚ ਨਿਯਮਿਤ ਜ਼ਮਾਨਤ ਲਈ ਵੀਰਵਾਰ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਚਿਦਾਂਬਰਮ ਵਲੋਂ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਜਸਟਿਸ ਐੱਨ.ਵੀ. ਰਮੰਨਾ ਦੀ ਅਗਵਾਈ ਵਾਲੀ ਬੈਂਚ ਦੇ ਸਾਹਮਣੇ ਪਟੀਸ਼ਨ ਦਾ ਜ਼ਿਕਰ ਕੀਤਾ ਅਤੇ ਤੁਰੰਤ ਸੁਣਵਾਈ ਲਈ ਸੂਚੀਬੱਧ ਕਰਨ ਦੀ ਮੰਗ ਕੀਤੀ। ਸਿੱਬਲ ਨੇ ਕਿਹਾ ਕਿ ਆਉਣ ਵਾਲੇ ਇਕ ਹਫਤੇ ਸੁਪਰੀਮ ਕੋਰਟ 'ਚ ਦੁਰਗਾ ਪੂਜਾ ਦੀਆਂ ਛੁੱਟੀਆਂ ਰਹਿਣਗੀਆਂ, ਇਸ ਲਈ ਮਾਮਲੇ ਦੀ ਤੁਰੰਤ ਸੁਣਵਾਈ ਜ਼ਰੂਰੀ ਹੈ। ਉਨ੍ਹਾਂ ਨੇ ਕੋਰਟ ਤੋਂ ਜ਼ਮਾਨਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦੀ ਅਪੀਲ ਕੀਤੀ।

ਬੈਂਚ 'ਚ ਜੱਜ ਸੰਜੀਵ ਖੰਨਾ ਅਤੇ ਜੱਜ ਕ੍ਰਿਸ਼ਨ ਮੁਰਾਰੀ ਵੀ ਸ਼ਾਮਲ ਹਨ। ਬੈਂਚ ਨੇ ਕਿਹਾ ਕਿ ਚਿਦਾਂਬਰਮ ਦੀ ਪਟੀਸ਼ਨ ਨੂੰ ਚੀਫ ਜਸਟਿਸ (ਸੀ.ਜੇ.ਆਈ.) ਰੰਜਨ ਗੋਗੋਈ ਕੋਲ ਭੇਜਿਆ ਜਾਵੇਗਾ, ਜੋ ਇਸ ਦੀ ਉੱਚਿਤ ਬੈਂਚ 'ਚ ਸੁਣਵਾਈ ਲਈ ਸੂਚੀ ਤੈਅ ਕਰਨਗੇ। ਉਨ੍ਹਾਂ ਕੋਲ ਫਾਈਲ ਭੇਜ ਦਿੱਤੀ ਗਈ ਹੈ। ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਫਿਲਹਾਲ ਆਈ.ਐੱਨ.ਐਕਸ. ਮੀਡੀਆ ਕੇਸ 'ਚ ਨਿਆਇਕ ਹਿਰਾਸਤ 'ਚ ਹਨ। 30 ਸਤੰਬਰ ਨੂੰ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਦੀ ਨਿਯਮਿਤ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।

ਚਿਦਾਂਬਰਮ ਨੂੰ ਸੀ.ਬੀ.ਆਈ. ਨੇ 21 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। ਸੀ.ਬੀ.ਆਈ. ਅਤੇ ਈ.ਡੀ. ਨੇ ਆਈ.ਐੱਨ.ਐਕਸ. ਮੀਡੀਆ ਦੀ ਪ੍ਰਮੋਟਰ ਇੰਦਰਾਣੀ ਮੁਖਰਜੀ ਅਤੇ ਉਨ੍ਹਾਂ ਦੇ ਪਤੀ ਪੀਟਰ ਮੁਖਰਜੀ ਦੇ ਬਿਆਨਾਂ ਦੇ ਆਧਾਰ 'ਤੇ ਚਿਦਾਂਬਰਮ 'ਤੇ ਸ਼ਿਕੰਜਾ ਕੱਸਿਆ। ਜਾਂਚ ਹਾਲੇ ਜਾਰੀ ਹੈ ਅਤੇ ਮਾਮਲੇ 'ਚ ਕਈ ਗੜਬੜੀਆਂ ਪਾਈਆਂ ਗਈਆਂ ਹਨ। ਦੋਸ਼ ਹੈ ਕਿ ਆਈ.ਐੱਨ.ਐਕਸ. ਮੀਡੀਆ ਗਰੁੱਪ ਨੂੰ 2007 'ਚ 305 ਕਰੋੜ ਰੁਪਏ ਦਾ ਵਿਦੇਸ਼ੀ ਧਨ ਹਾਸਲ ਕਰਨ ਲਈ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ 'ਚ ਬੇਨਿਯਮੀ ਵਰਤੀ ਗਈ। ਉਸ ਦੌਰਾਨ ਪੀ. ਚਿਦਾਂਬਰਮ ਵਿੱਤ ਮੰਤਰੀ ਸਨ। ਉਹ 5 ਸਤੰਬਰ ਤੋਂ ਹੀ ਤਿਹਾੜ ਜੇਲ 'ਚ ਹਨ।

DIsha

This news is Content Editor DIsha