ਇੰਦੌਰ ਨੇ ਫਿਰ ਜਿੱਤਿਆ ਭਾਰਤ ਦੇ ਸਭ ਤੋਂ ''ਸਵੱਛ'' ਸ਼ਹਿਰ ਦਾ ਪੁਰਸਕਾਰ, ਲਗਾਤਾਰ 7ਵੀਂ ਵਾਰ ਬਣਿਆ ''ਨੰਬਰ-1''

01/12/2024 1:50:32 PM

ਨਵੀਂ ਦਿੱਲੀ- ਸਵੱਛਤਾ ਦੇ ਖੇਤਰ 'ਚ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨੇ ਇਕ ਵਾਰ ਫਿਰ ਬਾਜ਼ੀ ਮਾਰਦਿਆਂ ਇਤਿਹਾਸ ਰਚ ਦਿੱਤਾ ਹੈ। ਸਵੱਛ ਸਰਵੇਖਣ ਪੁਰਸਕਾਰ 2023 ਦੇ ਨਤੀਜਿਆਂ ਮੁਤਾਬਕ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਸਭ ਤੋਂ ਸਾਫ-ਸੁਥਰੇ ਸ਼ਹਿਰ ਦਾ ਖਿਤਾਬ ਇੰਦੌਰ ਨੇ ਜਿੱਤਿਆ ਹੈ। ਇਸ ਸਾਲ ਖਿਤਾਬ ਦੇ ਦੋ ਜੇਤੂ ਹਨ। ਕੇਂਦਰ ਸਰਕਾਰ ਦੇ ਸਾਲਾਨਾ ਸਵੱਛਤਾ ਸਰਵੇਖਣ 'ਚ ਇੰਦੌਰ ਅਤੇ ਸੂਰਤ ਨੂੰ ਕ੍ਰਮਵਾਰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਵਜੋਂ ਚੁਣਿਆ ਗਿਆ, ਜਦਕਿ ਨਵੀ ਮੁੰਬਈ ਤੀਜੇ ਸਥਾਨ ’ਤੇ ਰਿਹਾ। 

ਇਹ ਵੀ ਪੜ੍ਹੋ-  ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਨੇ ਸ਼ੇਅਰ ਕੀਤਾ ਵਿਸ਼ੇਸ਼ ਆਡੀਓ ਸੰਦੇਸ਼

ਵੀਰਵਾਰ ਨੂੰ ਐਲਾਨੇ ਗਏ ਸਰਵੇਖਣ ਦੇ ਨਤੀਜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ‘ਸਵੱਛ ਸਰਵੇਖਣ ਪੁਰਸਕਾਰ 2023’ ਵਿਚ ਮਹਾਰਾਸ਼ਟਰ ਨੇ ‘ਬਹੁਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ’ ਦੀ ਸ਼੍ਰੇਣੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਰਹੇ। ਇੰਦੌਰ ਨੂੰ ਲਗਾਤਾਰ 7ਵੀਂ ਵਾਰ ਸਭ ਤੋਂ ਸਵੱਛ ਸ਼ਹਿਰ ਦਾ ਪੁਰਸਕਾਰ ਮਿਲਿਆ। ਨਵੀਂ ਦਿੱਲੀ ਦੇ ਭਾਰਤ ਮੰਡਪਮ ਕਨਵੈਂਸ਼ਨ ਸੈਂਟਰ 'ਚ ਆਯੋਜਿਤ ਸਵੱਛ ਸਰਵੇਖਣ ਪੁਰਸਕਾਰ 2023 ਸਮਾਰੋਹ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਕੈਲਾਸ਼ ਵਿਜੇਵਰਗੀਯ ਅਤੇ ਇੰਦੌਰ ਸ਼ਹਿਰ ਦੇ ਮੇਅਰ ਪੁਸ਼ਯਮਿੱਤਰ ਭਾਰਗਵ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- 2400 ਕਿਲੋ ਦਾ ਘੰਟਾ, 108 ਫੁੱਟ ਲੰਬੀ ਅਗਰਬੱਤੀ, ਰਾਮ ਲੱਲਾ ਲਈ ਦੇਸ਼-ਵਿਦੇਸ਼ ਤੋਂ ਆ ਰਹੇ ਤੋਹਫ਼ੇ

ਇਹ ਵੀ ਪੜ੍ਹੋ- ਰਾਮ ਮੰਦਰ ਦਾ ਪ੍ਰਸ਼ਾਦ ਘਰ ਬੈਠੇ ਮੰਗਵਾਓ, ਇੱਥੇ ਹੋ ਰਹੀ ਐਡਵਾਂਸ ਬੁਕਿੰਗ

ਸਰਵੇਖਣ ਦੇ ਨਤੀਜਿਆਂ ਮੁਤਾਬਕ ਇਕ ਲੱਖ ਤੋਂ ਘੱਟ ਆਬਾਦੀ ਵਾਲੇ ਸਾਰੇ ਸ਼ਹਿਰਾਂ ਵਿਚ ਮਹਾਰਾਸ਼ਟਰ ਦੇ ਸਾਸਵੜ ਨੂੰ ਸਭ ਤੋਂ ਸਾਫ਼ ਸ਼ਹਿਰ ਦਾ ਪੁਰਸਕਾਰ ਮਿਲਿਆ। ਇਸ ਵਰਗ ਵਿਚ ਛੱਤੀਸਗੜ੍ਹ ਦੇ ਪਾਟਨ ਨੇ ਦੂਜਾ ਅਤੇ ਮਹਾਰਾਸ਼ਟਰ ਦੇ ਲੋਨਾਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੰਗਾ ਨਦੀ ਦੇ ਸ਼ਹਿਰਾਂ ’ਚ ਵਾਰਾਣਸੀ ਨੂੰ ਸਭ ਤੋਂ ਵਧੀਆ ਅਤੇ ਸਾਫ਼-ਸੁਥਰਾ ਸ਼ਹਿਰ ਚੁਣਿਆ ਗਿਆ। ਇਸ ਤੋਂ ਬਾਅਦ ਪ੍ਰਯਾਗਰਾਜ ਦਾ ਨੰਬਰ ਆਉਂਦਾ ਹੈ। ਮੱਧ ਪ੍ਰਦੇਸ਼ ਦਾ ਮਹੂ ਛਾਉਣੀ ਬੋਰਡ ਸਭ ਤੋਂ ਸਾਫ਼ ਛਾਉਣੀ ਬੋਰਡਾਂ ਦੀ ਸ਼੍ਰੇਣੀ ਵਿਚ ਸਿਖਰ ’ਤੇ ਰਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu