ਇੰਦੌਰ ਬਣੇਗਾ ''ਸਾਈਲੈਂਟ ਸਿਟੀ'', ਲੱਗਣਗੇ ''ਸਮਾਰਟ'' ਟ੍ਰੈਫਿਕ ਸਿਗਨਲ

02/16/2020 5:47:22 PM

ਇੰਦੌਰ (ਭਾਸ਼ਾ)— ਦੇਸ਼ ਦੇ ਸਭ ਤੋਂ ਸਾਫ-ਸੁਥਰੇ ਸ਼ਹਿਰ ਇੰਦੌਰ 'ਚ ਦਿਨੋਂ–ਦਿਨ ਵਧ ਰਹੇ ਸ਼ੋਰ ਪ੍ਰਦੂਸ਼ਣ 'ਤੇ ਰੋਕ ਲਾਉਣ ਲਈ ਪ੍ਰਸ਼ਾਸਨ ਨੇ ਇਸ ਨੂੰ ਪੂਰੇ ਸਾਲ 'ਚ 'ਸਾਈਲੈਂਟ ਸਿਟੀ ਆਫ ਇੰਡੀਆ' ਬਣਾਉਣ ਦਾ ਬੀੜਾ ਚੁੱਕਿਆ ਹੈ। ਇਸ ਟੀਚੇ ਦੇ ਤਹਿਤ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਯੰਤਰਾਂ 'ਤੇ ਕੰਟਰੋਲ ਦੇ ਨਾਲ ਹੀ ਅਜਿਹੇ 'ਸਮਾਰਟ' ਟ੍ਰੈਫਿਕ ਸਿਗਨਲ ਲਾਏ ਜਾਣਗੇ, ਜੋ ਬੇਵਜ੍ਹਾ ਹਾਰਨ ਵਜਾਉਣ ਵਾਲੇ ਲੋਕਾਂ ਨੂੰ ਅਨੋਖੇ ਤਰੀਕੇ ਨਾਲ ਸਬਕ ਸਿਖਾਉਣਗੇ। ਡਿਸਟ੍ਰਿਕਟ ਮੈਜਿਸਟ੍ਰੇਟ ਲੋਕੇਸ਼ ਕੁਮਾਰ ਜਾਟਵ ਨੇ ਦੱਸਿਆ, ''ਅਸੀਂ ਇੰਦੌਰ ਨੂੰ ਸ਼ੋਰ ਪ੍ਰਦੂਸ਼ਣ ਤੋਂ ਮੁਕਤੀ ਦਿਵਾਉਂਦੇ ਹੋਏ ਇਸ ਨੂੰ ਮਾਰਚ 2021 ਤਕ ਸਾਈਲੈਂਟ ਸਿਟੀ ਆਫ ਇੰਡੀਆ ਦੇ ਰੂਪ 'ਚ ਪਛਾਣ ਦਿਵਾਉਣਾ ਚਾਹੁੰਦੇ ਹਾਂ। ਹਾਲਾਂਕਿ ਇਹ ਇਕ ਮੁਸ਼ਕਲ ਕੰਮ ਹੈ।''

ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਹਾਈਕੋਰਟ ਦੀ ਇੰਦੌਰ ਬੈਂਚ, ਬਿਰਧ ਆਸ਼ਰਮਾਂ, ਹਸਪਤਾਲਾਂ, ਸਿੱਖਿਆ ਸੰਸਥਾਵਾਂ ਅਤੇ ਕੁਝ ਹੋਰ ਥਾਵਾਂ ਦੇ ਆਸਪਾਸ 39 'ਸ਼ਾਂਤ ਇਲਾਕੇ' ਐਲਾਨੇ ਗਏ ਹਨ, ਜਿੱਥੇ ਪ੍ਰੈਸ਼ਰ ਹਾਰਨ, ਡੀ. ਜੇ. ਅਤੇ ਲਾਊਡ ਸਪੀਕਰ ਦੀ ਵਰਤੋਂ 'ਤੇ ਪਾਬੰਦੀ ਰਹੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਕੰਟਰੋਲ ਕਰਨ ਲਈ ਲੋਕ ਟਰਾਂਸਪੋਰਟ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ। ਨਤੀਜੇ ਵਜੋਂ ਹਾਰਨ ਵਜਾਏ ਜਾਣ ਨਾਲ ਹੋਣ ਵਾਲੀ ਸ਼ੋਰ ਪ੍ਰਦੂਸ਼ਣ 'ਚ ਕਮੀ ਆਏਗੀ। ਇੰਦੌਰ ਨੂੰ 'ਸਾਈਲੈਂਟ ਸਿਟੀ ਆਫ ਇੰਡੀਆ' ਬਣਾਉਣ ਲਈ ਸਮਾਜ ਦੇ ਵੱਖ-ਵੱਖ ਤਬਕਿਆਂ ਦੇ ਲੋਕਾਂ ਤੋਂ ਸ਼ੋਰ ਪ੍ਰਦੂਸ਼ਣ 'ਤੇ ਰੋਕ ਲਗਾਉਣ ਦੇ ਸੁਝਾਅ ਵੀ ਮੰਗੇ ਜਾ ਰਹੇ ਹਨ।

DIsha

This news is Content Editor DIsha