ਪ੍ਰਿਯੰਕਾ ਗਾਂਧੀ ਦੇ ਜਨਮ ਦਿਨ ''ਤੇ ਲੱਗੇ ''ਇੰਦਰਾ ਇਜ਼ ਬੈਕ'' ਦੇ ਪੋਸਟਰ

01/12/2020 10:23:48 PM

ਭੋਪਾਲ— ਕਾਂਗਰਸ 'ਚ ਰਾਹੁਲ ਗਾਂਧੀ ਨੂੰ ਫਿਰ ਪਾਰਟੀ ਪ੍ਰਧਾਨ ਦੀ ਕਮਾਨ ਸੌਂਪਣ ਦੀ ਚੱਲ ਰਹੀ ਕਵਾਇਦ ਦਰਮਿਆਨ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਜਨਮ ਦਿਨ (12 ਜਨਵਰੀ) 'ਤੇ 'ਇੰਦਰਾ ਇਜ਼ ਬੈਕ' ਦਾ ਨਾਅਰਾ ਬੁਲੰਦ ਹੋਇਆ ਹੈ। ਇਸ ਨਾਅਰੇ ਦਾ ਸਿਆਸੀ ਮਤਲਬ ਲੱਭਿਆ ਜਾਣ ਲੱਗਾ ਹੈ। ਸਵਾਲ ਉਠ ਰਿਹਾ ਹੈ ਕਿ ਕੀ ਕਾਂਗਰਸ ਦੇ ਅੰਦਰ ਹੀ ਗਾਂਧੀ ਪਰਿਵਾਰ ਨੂੰ ਲੈ ਕੇ ਦੋ ਧਾਰਾਵਾਂ ਚੱਲ ਪਈਆਂ ਹਨ? ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਪਾਰਟੀ ਦੀ ਕਮਾਨ ਸੋਨੀਆ ਗਾਂਧੀ ਨੇ ਸੰਭਾਲੀ ਹੋਈ ਹੈ। ਉਥੇ ਹੀ ਦੂਸਰੇ ਪਾਸੇ ਪ੍ਰਿਯੰਕਾ ਗਾਂਧੀ ਨੂੰ ਜਨਰਲ ਸਕੱਤਰ ਦੇ ਨਾਲ ਉਤਰ ਪ੍ਰਦੇਸ਼ ਦਾ ਮੁਖੀ ਬਣਾ ਦਿੱਤਾ ਗਿਆ ਹੈ ਅਤੇ ਉਹ ਯੂ. ਪੀ. 'ਚ ਲਗਾਤਾਰ ਸਰਗਰਮ ਹੈ। ਪ੍ਰਿਯੰਕਾ ਦਾ 12 ਜਨਵਰੀ ਨੂੰ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਮੱਧ ਪ੍ਰਦੇਸ਼ ਸਣੇ ਦੇਸ਼ ਦੇ ਹੋਰ ਸੂਬਿਆਂ ਦੀਆਂ ਅਖਬਾਰਾਂ ਵਿਚ ਕਾਂਗਰਸੀਆਂ ਵਲੋਂ ਵੱਡੇ-ਵੱਡੇ ਇਸ਼ਤਿਹਾਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ 'ਇੰਦਰਾ ਇਜ਼ ਬੈਕ' ਦਾ ਨਾਅਰਾ ਬੁਲੰਦ ਕੀਤਾ ਗਿਆ ਹੈ। ਇਨ੍ਹਾਂ ਵਿਚ ਇੰਦਰਾ ਗਾਂਧੀ ਨਾਲ ਪ੍ਰਿਯੰਕਾ ਦੀ ਤਸਵੀਰ ਲਾਈ ਗਈ ਹੈ। ਇਨ੍ਹਾਂ ਤਸਵੀਰਾਂ ਰਾਹੀਂ ਇੰਦਰਾ ਗਾਂਧੀ ਦਾ ਰੂਪ ਪ੍ਰਿਯੰਕਾ ਵਿਚ ਦਿਖਾਉਣ ਦੀ ਕੋਸ਼ਿਸ਼ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਲਿਖਿਆ ਹੈ, ''ਉਹੀ ਦੂਰਦਰਸ਼ਤਾ, ਉਹੀ ਸਮਰਪਣ ਭਾਵਨਾ, ਉਹੀ ਇੱਛਾ ਸ਼ਕਤੀ, ਸਾਰੇ ਧਰਮਾਂ ਅਤੇ ਸਮਾਜ ਨੂੰ ਇਕੱਠਿਆਂ ਵਿਕਾਸ ਦੀ ਦਿਸ਼ਾ ਵਿਚ ਲਿਆਉਣ ਦਾ ਜਜ਼ਬਾ।''

ਕਾਂਗਰਸ ਦੀ ਦਲੀਲ
ਕਾਂਗਰਸ ਦੇ ਮੀਡੀਆ ਵਿਭਾਗ ਦੀ ਮੁਖੀ ਸ਼ੋਭਾ ਓਝਾ ਨੇ ਇਸ ਬਾਰੇ ਕਿਹਾ ਕਿ ਪ੍ਰਿਯੰਕਾ ਦੇ ਜਨਮ ਦਿਨ 'ਤੇ ਜਾਰੀ ਇਸ਼ਤਿਹਾਰ ਵਿਚ ਸਿਆਸਤ ਨਹੀਂ ਲੱਭੀ ਜਾਣੀ ਚਾਹੀਦੀ। ਪ੍ਰਿਯੰਕਾ ਦੀ ਕਾਰਜਸ਼ੈਲੀ ਤੇ ਉਨ੍ਹਾਂ ਦੇ ਤੌਰ-ਤਰੀਕਿਆਂ ਵਿਚ ਇੰਦਰਾ ਗਾਂਧੀ ਦਾ ਅਕਸ ਝਲਕਦਾ ਹੈ। ਭਾਵਨਾਤਮਕ ਤੌਰ 'ਤੇ ਵਰਕਰਾਂ ਨੂੰ ਪ੍ਰਿਯੰਕਾ ਵਿਚ ਇੰਦਰਾ ਨਜ਼ਰ ਆਉਂਦੀ ਹੈ। ਉਸੇ ਭਾਵ ਨੂੰ ਵਰਕਰਾਂ ਨੇ ਆਪਣੇ ਵਲੋਂ ਜ਼ਾਹਰ ਕੀਤਾ ਹੈ।

ਭਾਜਪਾ ਦੀ ਟਿੱਪਣੀ
ਭਾਜਪਾ ਦੇ ਸੀਨੀਅਰ ਨੇਤਾ ਅਤੇ ਖੁਰਾਕ ਸਪਲਾਈ ਨਿਗਮ ਦੇ ਸਾਬਕਾ ਪ੍ਰਧਾਨ ਡਾ. ਹਿਤੇਸ਼ ਵਾਜਪਾਈ ਨੇ ਇਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਵਿਚ ਸਭ ਕੁਝ ਇਕ ਪਰਿਵਾਰ ਹੈ। ਉਸੇ ਤੋਂ ਸਭ ਤੈਅ ਹੋਣਾ ਹੈ। ਜਿਸ ਨੇ ਵੀ ਸਿਆਸਤ ਕਰਨੀ ਹੈ ਉਸ ਲਈ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਦੀ ਸਰਪ੍ਰਸਤੀ ਹਾਸਲ ਕਰਨਾ ਜ਼ਰੂਰੀ ਹੈ। ਰਾਹੁਲ ਗਾਂਧੀ ਕੀ ਹਨ, ਇਹ ਸਭ ਦੇ ਸਾਹਮਣੇ ਆ ਗਿਆ ਹੈ। ਇਕ ਵਰਗ ਪ੍ਰਿਯੰਕਾ ਦੇ ਨੇੜੇ ਪਹੁੰਚਣਾ ਚਾਹੁੰਦਾ ਹੈ ਅਤੇ ਇਸੇ ਲਈ ਭਗਤੀ ਦਿਖਾਉਣ ਦੀ ਦੌੜ ਲੱਗੀ ਹੋਈ ਹੈ ਅਤੇ ਇਹ ਇਸ਼ਤਿਹਾਰਬਾਜ਼ੀ ਵੀ ਇਸੇ ਦਾ ਹੀ ਇਕ ਹਿੱਸਾ ਹੈ।

 


KamalJeet Singh

Content Editor

Related News