ਹੁਣ ਅਮਰੀਕਾ ''ਚ ਭਾਰਤੀਆਂ ਨੂੰ ਆਸਾਨੀ ਨਾਲ ਮਿਲੇਗੀ ਐਂਟਰੀ!

Tuesday, Jul 04, 2017 - 04:50 PM (IST)

ਨਵੀਂ ਦਿੱਲੀ— ਅਮਰੀਕਾ ਨੇ ਭਾਰਤੀ ਯਾਤਰੀਆਂ ਲਈ 'ਗਲੋਬਲ ਐਂਟਰੀ ਪ੍ਰੋਗਰਾਮ' ਸ਼ੁਰੂ ਕੀਤਾ ਹੈ, ਜਿਸ ਨਾਲ ਭਾਰਤੀ ਯਾਤਰੀਆਂ ਨੂੰ ਅਮਰੀਕਾ ਜਾਣ 'ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਦੇ ਅਧੀਨ ਜਿਨ੍ਹਾਂ ਲੋਕਾਂ ਦੀ ਭੂਮਿਕਾ ਸ਼ੱਕੀ ਨਹੀਂ ਹੈ, ਉਹ ਇਸ ਸਹੂਲਤ ਦਾ ਆਸਾਨੀ ਨਾਲ ਲਾਭ ਚੁੱਕ ਸਕਣਗੇ, ਜਦੋਂ ਕਿ ਸ਼ੱਕ ਦੇ ਦਾਇਰੇ 'ਚ ਆਉਣ ਵਾਲੇ ਯਾਤਰੀ ਇਸ ਸਹੂਲਤ ਤੋਂ ਵਾਂਝੇ ਰਹਿਣਗੇ। ਅਮਰੀਕਾ 'ਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ 'ਗਲੋਬਲ ਐਂਟਰੀ ਪ੍ਰੋਗਰਾਮ' 'ਚ ਨਾਮਜ਼ਦ ਕਰਵਾਉਣ ਵਾਲੇ ਪਹਿਲੇ ਭਾਰਤੀ ਬਣੇ। ਭਾਰਤ 11ਵਾਂ ਅਜਿਹਾ ਦੇਸ਼ ਹੈ, ਜਿਸ ਦੇ ਨਾਗਰਿਕ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ 'ਚ ਨਾਮਜ਼ਦ ਲਈ ਯੋਗ ਹਨ। ਇਸ ਪ੍ਰੋਗਰਾਮ ਦਾ ਮੈਂਬਰ ਬਣਨ ਲਈ ਕਠਿਨ ਇੰਟਰਵਿਊ ਤੋਂ ਲੰਘਣਾ ਹੋਵੇਗਾ। ਗਲੋਬਲ ਐਂਟਰੀ ਪ੍ਰੋਗਰਾਮ ਦਾ ਲਾਭ ਅਮਰੀਕਾ ਦੇ 53 ਏਅਰਪੋਰਟ ਅਤੇ 15 ਪਹਿਲਾਂ ਤੋਂ ਤੈਅ ਥਾਂਵਾਂ 'ਤੇ ਮਿਲੇਗਾ। 
ਇਸ ਪ੍ਰੋਗਰਾਮ ਦੇ ਮੈਂਬਰ ਬਣੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੇ ਚੁਨਿੰਦਾ ਏਅਰਪੋਰਟ 'ਤੇ ਇਮੀਗ੍ਰੇਸ਼ਨ ਕਲੀਅਰੈਂਸ ਨਾਲ ਜੁੜੇ ਅਧਿਕਾਰੀ ਨੂੰ ਮਿਲਣ ਲਈ ਲਾਈਨ 'ਚ ਖੜ੍ਹੇ ਹੋਣ ਦੀ ਲੋੜ ਨਹੀਂ ਹੋਵੇਗੀ। ਉਹ ਆਟੋਮੈਟਿਕ ਗਲੋਬਲ ਐਂਟਰੀ ਕੀਓਸਕ ਰਾਹੀਂ ਅਮਰੀਕਾ 'ਚ ਪ੍ਰਵੇਸ਼ ਕਰ ਸਕਣਗੇ। ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਕਾਰਜਕਾਰੀ ਕਮਿਸ਼ਨਰ ਕੇਵਿਨ ਮੈਕਅਲੀਨਨ ਨੇ ਕਿਹਾ, ਸੀ.ਬੀ.ਪੀ. ਭਾਰਤੀ ਨਾਗਰਿਕਾਂ ਨੂੰ ਆਪਣੇ ਫਲੈਗਸ਼ਿਪ ਭਰੋਸੇਯੋਗ ਟਰੈਵਲ ਪ੍ਰੋਗਰਾਮ ਦੀ ਸਹੂਲਤ ਦੇਣ ਲਈ ਉਤਸ਼ਾਹਤ ਹਨ।


Related News