ਸੂਡਾਨ ਹਾਦਸੇ 'ਚ ਭਾਰਤੀਆਂ ਸਣੇ 23 ਲੋਕਾਂ ਦੀ ਮੌਤ ਤੇ 130 ਜ਼ਖਮੀ

12/04/2019 11:18:03 AM

ਖਾਰਤੂਮ, (ਪੀ. ਟੀ. ਆਈ.)— ਸੂਡਾਨ 'ਚ ਚੀਨੀ ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰਖਾਨੇ 'ਚ ਇਕ ਐੱਲ.ਪੀ.ਜੀ. ਟੈਂਕਰ 'ਚ ਧਮਾਕਾ ਹੋਣ ਕਾਰਨ 23 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਕਈ ਭਾਰਤੀ ਵੀ ਸ਼ਾਮਲ ਹਨ। ਹਾਦਸੇ 'ਚ 130 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਡਾਨ 'ਚ ਭਾਰਤੀ ਦੂਤਘਰ ਨੇ ਮੰਗਲਵਾਰ ਨੂੰ ਵਾਪਰੀ ਘਟਨਾ 'ਚ ਭਾਰਤੀਆਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ। ਹਾਲਾਂਕਿ ਮ੍ਰਿਤਕਾਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ।

 

ਦੂਤਘਰ ਨੇ ਮੰਗਲਵਾਰ ਨੂੰ ਆਪਣੀ ਵੈੱਬਸਾਈਟ 'ਤੇ ਇਕ ਬਿਆਨ 'ਚ ਕਿਹਾ,''ਹੁਣ ਤਕ ਮਿਲੀਆਂ ਰਿਪੋਰਟਾਂ ਮੁਤਾਬਕ ਭਾਰਤੀ ਮਜ਼ਦੂਰਾਂ ਸਣੇ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ।'' ਉਸ ਨੇ ਦੱਸਿਆ ਕਿ ਕਾਰਖਾਨੇ 'ਚ 50 ਤੋਂ ਵਧੇਰੇ ਭਾਰਤੀ ਮਜ਼ਦੂਰ ਕੰਮ ਕਰਦੇ ਹਨ। ਸੂਡਾਨ ਸਰਕਾਰ ਨੇ ਕਿਹਾ ਕਿ ਘਟਨਾ 'ਚ 23 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਘਟਨਾ ਸਥਾਨ 'ਤੇ ਸੁਰੱਖਿਆ ਲਈ ਜ਼ਰੂਰੀ ਯੰਤਰ ਨਹੀਂ ਸਨ। ਸਰਕਾਰ ਨੇ ਕਿਹਾ,''ਉੱਥੇ ਜਲਣਸ਼ੀਲ ਪਦਾਰਥਾਂ ਨੂੰ ਗਲਤ ਤਰੀਕੇ ਨਾਲ ਸਟੋਰ ਕੀਤਾ ਗਿਆ ਸੀ ਜਿਸ ਨਾਲ ਅੱਗ ਫੈਲ ਗਈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।''