ਅਰੁਣਾਚਲ ਪ੍ਰਦੇਸ਼ ''ਚ ਚੀਨੀ ਫ਼ੌਜ ਨੇ ਕੀਤਾ ਨੌਜਵਾਨ ਨੂੰ ਅਗਵਾ, ਰਾਹੁਲ ਨੇ ਜ਼ਾਹਰ ਕੀਤੀ ਚਿੰਤਾ

01/20/2022 12:04:58 PM

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ 'ਚ ਇਕ ਨੌਜਵਾਨ ਨੂੰ ਚੀਨੀ ਫ਼ੌਜ ਵਲੋਂ ਅਗਵਾ ਕੀਤੇ ਜਾਣ ਦੀ ਘਟਨਾ ਨੂੰ ਬੇਹੱਦ ਗੰਭੀਰ ਦੱਸਦੇ ਹੋਏ ਇਸ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਰਾਹੁਲ ਨੇ ਟਵੀਟ ਕੀਤਾ,''ਗਣਤੰਤਰ ਦਿਵਸ ਤੋਂ ਕੁਝ ਦਿਨ ਪਹਿਲਾਂ ਭਾਰਤ ਦੇ ਇਕ ਭਾਗਿਆ ਵਿਧਾਤਾ ਨੂੰ ਚੀਨ ਨੇ ਅਗਵਾ ਕੀਤਾ ਹੈ। ਅਸੀਂ ਮੀਰਾਮ ਤਾਰੌਨ ਦੇ ਪਰਿਵਾਰ ਨਾਲ ਹਾਂ ਅਤੇ ਉਮੀਦ ਨਹੀਂ ਛੱਡਾਂਗੇ, ਹਾਰ ਨਹੀਂ ਮੰਨਾਂਗੇ। ਪ੍ਰਧਾਨ ਮੰਤਰੀ ਦੀ ਬੁਜ਼ਦਿਲ ਚੁੱਪੀ ਹੀ ਉਨ੍ਹਾਂ ਦਾ ਬਿਆਨ ਹੈ- ਉਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ।''

ਇਸ ਤੋਂ ਪਹਿਲਾਂ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ,''ਮਾਨਯੋਗ ਮੋਦੀ ਜੀ, ਚੀਨੀ ਫ਼ੌਜ ਨੇ ਸਾਡੀ ਜ਼ਮੀਨ 'ਤੇ ਮੁੜ ਘੁਸਪੈਠ ਕੀਤੀ। ਚੀਨ ਦੀ ਇਹ ਹਿੰਮਤ ਕਿਵੇਂ ਹੋਈ ਕਿ ਉਹ ਨਾਗਰਿਕ ਨੂੰ ਅਗਵਾ ਕਰ ਲੈ ਗਏ। ਸਾਡੀ ਸਰਕਾਰ ਚੁੱਪ ਕਿਉਂ ਹੈ। ਤੁਸੀਂ ਆਪਣੇ ਸੰਸਦ ਮੈਂਬਰ ਦੀ ਅਪੀਲ ਕਿਉਂ ਨਹੀਂ ਸੁਣ ਰਹੇ। ਹੁਣ ਇਹ ਨਾ ਕਹਿਣਾ, ਨਾ ਕੋਈ ਆਇਆ, ਨਾ ਕਿਸੇ ਨੂੰ ਉਠਾਇਆ।'' ਦੱਸਣਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਤੋਂ ਲੋਕ ਸਭਾ ਸੰਸਦ ਮੈਂਬਰ ਤਾਪਿਰ ਗਾਓ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ-ਪੀ.ਐੱਲ.ਏ. ਨੇ ਸੂਬੇ 'ਚ ਭਾਰਤੀ ਖੇਤਰ ਦੇ ਅਪਰ ਸਿਆਂਗ ਜ਼ਿਲ੍ਹੇ ਤੋਂ 17 ਸਾਲ ਦੇ ਮੀਰਾਮ ਤਾਰੌਨ ਨੂੰ ਅਗਵਾ ਕਰ ਲਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha