ਕੋਰੋਨਾ ਦਾ ਖੌਫ : ਚੀਨ ''ਚ ਫਸੀ ਭਾਰਤੀ ਔਰਤ ਦੀ ਲਾਸ਼, ਪਰਿਵਾਰ ਨੇ PM ਮੋਦੀ ਨੂੰ ਲਾਈ ਗੁਹਾਰ

02/17/2020 10:39:55 AM

ਮੁੰਬਈ— ਚੀਨ 'ਚ ਕੋਰੋਨਾਵਾਇਰਸ ਨੇ ਲੋਕਾਂ ਦਾ ਜਿਊਣਾ ਮੌਹਾਲ ਕਰ ਦਿੱਤਾ ਹੈ। ਹੁਣ ਤਕ ਇੱਥੇ 1,770 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 71,000 ਲੋਕ ਪੀੜਤ ਹਨ। ਚੀਨ ਹੀ ਨਹੀਂ ਦੁਨੀਆ ਭਰ ਵਿਚ ਇਸ ਵਾਇਰਸ ਕਾਰਨ ਦਹਿਸ਼ਤ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਚੀਨ 'ਚ ਸੜਕਾਂ ਸੁੰਨਸਾਨ ਪਈਆਂ ਹਨ, ਹਵਾਈ ਅੱਡੇ 'ਤੇ ਵੀ ਸੰਨਾਟਾ ਪਸਰਿਆ ਹੋਇਆ ਹੈ। ਲੋਕ ਘਰਾਂ 'ਚ ਕੈਦ ਹਨ। ਭਾਰਤ ਸਮੇਤ ਹੋਰ ਦੇਸ਼ਾਂ ਨਾਲ ਚੀਨ ਦਾ ਸੰਪਰਕ ਟੁੱਟਿਆ ਹੋਇਆ ਹੈ। ਮੁੰਬਈ ਵਾਸੀ ਇਕ ਔਰਤ ਦੀ ਲਾਸ਼ ਚੀਨ 'ਚ ਫਸ ਗਈ ਹੈ। ਚੀਨ ਤੋਂ ਕਿਸੇ ਵੀ ਉਡਾਣ ਦੇ ਭਾਰਤ ਨਾ ਆਉਣ ਕਾਰਨ ਪਿਛਲੇ 23 ਦਿਨਾਂ ਤੋਂ ਲਾਸ਼ ਵਾਪਸ ਲਿਆਂਦੇ ਜਾਣ ਦੀ ਉਡੀਕ ਕਰ ਰਹੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਗੁਹਾਰ ਲਾਈ ਹੈ, ਤਾਂ ਕਿ ਉਹ ਅੰਤਿਮ ਸੰਸਕਾਰ ਕਰ ਸਕਣ। 

ਜਾਣਕਾਰੀ ਮੁਤਾਬਕ ਮੁੰਬਈ ਵਾਸੀ 63 ਸਾਲਾ ਦੀ ਰੀਤਾ ਮਹਿਰਾ 24 ਜਨਵਰੀ ਨੂੰ ਆਪਣੇ ਡਾਕਟਰ ਪੁੱਤਰ ਪੁਨੀਤ ਮਹਿਰਾ ਨਾਲ ਆਸਟ੍ਰੇਲੀਆ ਤੋਂ ਬੀਜਿੰਗ ਦੇ ਰਸਤਿਓਂ ਵਾਪਸ ਭਾਰਤ ਆ ਰਹੀ ਸੀ। ਡਾਕਟਰ ਪੁਨੀਤ ਮੁਤਾਬਕ ਉਡਾਣ ਦੌਰਾਨ ਉਹ ਟਾਇਲਟ ਗਈ ਅਤੇ ਕਾਫੀ ਦੇਰ ਤਕ ਨਹੀਂ ਪਰਤੀ। ਉਨ੍ਹਾਂ ਨੇ ਦੱਸਿਆ ਕਿ ਮਾਂ ਦੇ 15 ਮਿੰਟ ਬਾਅਦ ਤਕ ਵਾਪਸ ਨਾ ਆਉਣ 'ਤੇ ਇਸ ਦੀ ਜਾਣਕਾਰੀ ਕਰੂ ਮੈਂਬਰਾਂ ਨੂੰ ਦਿੱਤੀ। ਦਰਵਾਜ਼ਾ ਖੜਕਾਉਣ 'ਤੇ ਜਦੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਤਾਂ ਕਰੂ ਮੈਂਬਰਾਂ ਨੇ ਦਰਵਾਜ਼ਾ ਖੋਲ੍ਹਿਆ। ਡਾਕਟਰ ਪੁਨੀਤ ਨੇ ਦੱਸਿਆ ਕਿ ਪਖਾਨੇ 'ਚ ਮਾਂ ਬੇਹੋਸ਼ ਪਈ ਸੀ। ਜਹਾਜ਼ ਵਿਚ ਸਫਰ ਕਰ ਰਹੇ ਡਾਕਟਰ ਅਤੇ ਨਰਸ ਨੇ ਦੇਖਿਆ ਫਿਰ ਚੀਨ ਦੇ ਝੇਂਗਝੂ ਹਵਾਈ ਅੱਡੇ 'ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ।

ਪੁਨੀਤ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਉਤਾਰੇ ਜਾਣ ਤੋਂ ਬਾਅਦ ਡਾਕਟਰਾਂ ਨੇ ਮਾਂ ਰੀਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਨੀਤ ਨੇ ਇਹ ਵੀ ਦੱਸਿਆ ਕਿ ਭਾਰਤੀ ਦੂਤਘਰ ਨੇ ਬਹੁਤ ਮਦਦ ਕੀਤੀ ਅਤੇ ਦੋ ਵਾਰ ਡੈੱਥ ਸਰਟੀਫਿਕੇਟ ਜਾਰੀ ਹੋਇਆ ਪਰ ਰੱਦ ਹੋ ਗਿਆ। ਚੀਨ 'ਚ ਫੈਲੀ ਕੋਰੋਨਾ ਮਹਾਮਾਰੀ ਕਾਰਨ ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ ਮਾਂ ਦੀ ਲਾਸ਼ ਵਾਪਸ ਲਿਆਉਣ 'ਚ ਹੁਣ ਤਕ ਅਸਫਲ ਰਿਹਾ ਹਾਂ। ਪੁਨੀਤ ਦਾ ਕਹਿਣਾ ਹੈ ਕਿ ਚੀਨ 'ਚ ਅਜੇ ਵੀ ਕੁਝ ਭਾਰਤੀ ਫਸੇ ਹੋਏ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਨੂੰ ਲਾਸ਼ ਛੇਤੀ ਵਾਪਸ ਲਿਆਉਣ 'ਚ ਮਦਦ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਘਟਨਾ ਤੋਂ ਪੂਰਾ ਪਰਿਵਾਰ ਤਣਾਅ ਵਿਚ ਹੈ। ਰੀਤਾ ਮਹਿਰਾ ਦੀ ਲਾਸ਼ ਚੀਨ ਦੇ ਹੇਨਾਨ ਸੂਬੇ ਦੇ ਹਸਪਤਾਲ 'ਚ ਰੱਖੀ ਹੋਈ ਹੈ।

Tanu

This news is Content Editor Tanu