ਕੋਵਿਡ-19 : ਯੂਕਰੇਨ ''ਚ ਫਸੇ ਭਾਰਤੀ ਵਿਦਿਆਰਥੀਆਂ ਨੇ ਕਿਹਾ, ਬਚਾਅ ਲਓ ਮੋਦੀ ਸਰਕਾਰ

04/01/2020 12:19:59 AM

ਕੀਵ — ਯੂਕਰੇਨ 'ਚ ਪੜ੍ਹ ਰਹੇ ਕਰੀਬ 300 ਭਾਰਤੀ ਵਿਦਿਆਰਥੀ ਇਸ ਸਮੇਂ ਖਤਰਨਾਕ ਗਲੋਬਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪ੍ਰੇਸ਼ਾਨ ਹਨ। ਕਈ ਹੋਰ ਚੀਜ਼ਾਂ ਦੇ ਨਾਲ-ਨਾਲ ਇਨ੍ਹਾਂ ਦੀ ਯੂਨੀਵਰਸਿਟੀ ਅਤੇ ਕਾਲਜ ਵੀ 12 ਤਰੀਕ ਤੋਂ ਬਾਅਦ ਬੰਦ ਹੋ ਗਏ ਅਤੇ ਇਹ ਸਾਰੇ ਆਪਣੇ-ਆਪਣੇ ਹੋਸਟਲ ਦੇ ਅੰਦਰ ਫੱਸ ਗਏ ਹਨ।

ਯੂਕਰੇਨ 'ਚ ਫਸੇ ਜਦੋਂ ਇਕ ਵਿਦਿਆਰਥੀ ਨੇ ਸ਼ਿਵਾਂਸ਼ ਦਵੇਦੀ ਨਾਲ ਵਟਸਐਪ ਕਾਲ 'ਤੇ ਗੱਲ ਕੀਤੀ ਤਾਂ ਉਸ ਨੇ ਉਥੇ ਦੇ ਖਤਰਨਾਕ ਹੋ ਰਹੇ ਹਾਲਾਤਾਂ ਬਾਰੇ ਦੱਸਿਆ। ਸ਼ਿਵਾਂਸ ਨੇ ਕਿਹਾ, 'ਕਰਿਆਨੇ ਦੀ ਦੁਕਾਨ ਅਤੇ ਮੈਡੀਕਲ ਸਟੋਰ ਤੋਂ ਇਲਾਵਾ ਬਾਹਰ ਜਾਣ ਦੀ ਸਾਨੂੰ ਮਨਜ਼ੂਰੀ ਨਹੀਂ ਹੈ। ਅਸੀਂ ਸਾਰੇ ਯੂਕਰੇਨ 'ਚ ਮੌਜੂਦਾ ਸਥਿਤੀ ਕਾਰਨ ਆਪਣੇ ਬਾਰੇ ਬਹੁਤ ਪ੍ਰੇਸ਼ਾਨ ਹਾਂ। ਸਾਨੂੰ ਕਹਿ ਦਿੱਤਾ ਗਿਆ ਹੈ ਕਿ 5 ਅਪ੍ਰੈਲ ਤਕ ਹੋਸਟਲ 'ਚ ਖਾਣਾ ਮਿਲੇਗਾ, ਉਸ ਤੋਂ ਬਾਅਦ ਸਭ ਬੰਦ।'

ਸ਼ਿਵਾਂਸ਼ ਨੇ ਪ੍ਰੇਸ਼ਾਨ ਹੁੰਦੇ ਹੋਏ ਕਿਹਾ, 'ਸੋਮਵਾਰ ਦੇ ਅੰਕੜੇ ਮੁਤਾਬਕ ਯੂਕਰੇਨ 'ਚ ਕੋਰੋਨਾ ਦੇ 113 ਪਾਜੀਟਿਵ ਮਾਮਲੇ ਅਤੇ ਹੁਣ ਤਕ 3 ਮੌਤਾਂ ਹੋਈਆਂ ਹਨ। ਯਕੀਨੀ ਤੌਰ 'ਤੇ ਯੂਕਰੇਨੀ ਸਰਕਾਰ ਸਭ ਤੋਂ ਪਹਿਲਾਂ ਆਪਣੇ ਨਾਗਰਿਕਾਂ 'ਤੇ ਜ਼ਿਆਦਾ ਧਿਆਨ ਦੇਵੇਗੀ, ਸਾਡੇ 'ਤੇ ਨਹੀਂ। ਭਾਰਤੀ ਦੀ ਤੁਲਨਾ 'ਚ, ਯੂਕਰੇਨ 'ਚ ਮੈਡੀਕਲ ਸਪਲਾਈ ਅਤੇ ਡਾਕਟਰਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਸਾਡੇ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਭਾਸ਼ਾ ਹੈ ਕਿਉਂਕਿ ਅਸੀਂ ਰੂਸੀ ਜਾਂ ਯੂਕਰੇਨੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਜਾਣਦੇ।'

ਸ਼ਿਵਾਂਸ਼ ਨੇ ਆਪਣੇ ਸ਼ਹਿਰ ਦੇ ਹਾਲਾਤਾਂ ਬਾਰੇ ਗੱਲ ਕਰਦੇ ਹੋਏ ਕਿਹਾ, 'ਅਸੀਂ ਯੂਕਰੇਨ ਦੇ ਓਡੇਸਾ ਸ਼ਹਿਰ 'ਚ ਫਸੇ ਹੋਏ ਹਾਂ ਜੋ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਕਰੀਬ 500 ਕਿਲੋਮੀਟਰ ਦੀ ਦੂਰੀ 'ਤੇ ਹੈ। ਇਥੇ ਫਿਲਹਾਲ ਭਾਰਤ ਵਾਂਗ ਲਾਕਡਾਊਨ ਨਹੀਂ ਹੈ। ਇਸ ਲਈ ਇਥੇ ਖਤਰਾ ਵੀ ਜ਼ਿਆਦਾ ਹੈ, ਇਥੇ ਕੋਈ ਸਾਮਾਨ ਲੈਣ ਜਾਂਦਾ ਹੈ ਤਾਂ ਅਜਿਹਾ ਲਗਦਾ ਹੈ ਕਿ ਕੋਈ ਕੋਰੋਨਾ ਵਾਇਰਸ ਤੋਂ ਪੀੜਤ ਨਾ ਹੋਵੇ। ਜੇਕਰ ਸਾਨੂੰ ਕੁਝ ਹੋ ਗਿਆ ਤਾਂ ਇਥੇ ਇਲਾਜ਼ ਦੀ ਵਿਵਸਥਾ ਵੀ ਨਹੀਂ ਹੈ।'

ਸ਼ਿਵਾਂਸ਼ ਨੇ ਦੱਸਿਆ ਕਿ ਕੁਝ ਦਿਨਾਂ ਪਹਿਲਾਂ ਅਸੀਂ ਯੂਕਰੇਨ 'ਚ ਰਾਜਧਾਨੀ ਸ਼ਹਿਰ ਕੀਵ 'ਚ ਭਾਰਤੀ ਦੂਤਘਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੀ ਪ੍ਰੇਸ਼ਾਨੀ ਦਾ ਸਹੀ ਜਵਾਬ ਨਹੀਂ ਮਿਲਿਆ। ਅਸੀਂ ਪ੍ਰੇਸ਼ਾਨ ਹਾਂ ਕਿ ਜੇਕਰ ਸਾਨੂੰ ਕਿਸੇ ਨੂੰ ਕੁਝ ਹੋ ਜਾਂਦਾ ਹੈ ਤਾਂ ਅਜਿਹੀ ਹਾਲਤ 'ਚ ਸਾਡੇ ਨਾਲ ਕਿਹੋ ਜਿਹਾ ਵਤੀਰਾ ਕੀਤਾ ਜਾਵੇਗਾ? ਯੂਕਰੇਨ ਦੀ ਸਰਕਾਰ ਆਪਣੇ ਦੇਸ਼ ਦੇ ਲੋਕਾਂ ਨੂੰ ਵਿਦੇਸ਼ਾਂ ਤੋਂ ਲਿਆ ਰਹੀ ਹੈ ਅਤੇ ਯੂਕਰੇਨ 'ਚ ਬਾਹਰ ਦੇ ਦੇਸ਼ਾਂ ਦੇ ਵਿਦਿਆਰਥੀ ਵਾਪਸ ਵੀ ਚਲੇ ਗਏ ਹਨ ਸਿਰਫ ਭਾਰਤ ਤੇ ਨੇਪਾਲ ਦੇ ਵਿਦਿਆਰਥੀ ਯੂਕਰੇਨ 'ਚ ਫਸੇ ਹੋਏ ਹਨ।
ਸ਼ਿਵਾਂਸ਼ ਨੇ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਭਾਰਤੀ ਵਿਦਿਆਰਥੀ ਭਾਰਤ ਦੇ ਪੀ.ਐੱਮ.ਓ. ਦਫਤਰ, ਵਿਦੇਸ਼ ਮੰਤਰਾਲਾ, ਭਾਰਤੀ ਦੂਤਘਰ ਕੀਵ, ਯੂਕਰੇਨ ਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਸਾਨੂੰ ਜਲਦ ਤੋਂ ਜਲਦ ਇਥੋਂ ਕੱਢਿਆ ਜਾਵੇ ਅਤੇ ਭਾਰਤ 'ਚ ਆਪਣੇ-ਆਪਣੇ ਘਰ ਵਾਪਸ ਭੇਜਿਆ ਜਾਵੇ। ਸਾਡੇ ਮਾਤਾ-ਪਿਤਾ ਵੀ ਬਹੁਤ ਪ੍ਰੇਸ਼ਾਨ ਹਨ।

Inder Prajapati

This news is Content Editor Inder Prajapati