ਭਾਰਤ ਦੀ ਨਿੰਦਾ ਕਰਨ ਵਾਲੀ ਬਿ੍ਰਟਿਸ਼ MP ਅਬਰਾਹਮਸ ਨੂੰ ਦਿੱਲੀ ਏਅਰਪੋਰਟ 'ਤੇ ਰੋਕਿਆ

02/18/2020 1:14:24 AM

ਲੰਡਨ-ਨਵੀਂ ਦਿੱਲੀ - ਭਾਰਤ ਨੇ ਬਿ੍ਰਟੇਨ ਦੀ ਲੇਬਰ ਪਾਰਟੀ ਦੀ ਇਕ ਮਹਿਲਾ ਸੰਸਦ ਮੈਂਬਰ ਨੂੰ ਦਿੱਲੀ ਏਅਰਪੋਰਟ 'ਤੇ ਇਹ ਆਖਦੇ ਹੋਏ ਰੋਕ ਦਿੱਤਾ ਕਿ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਸੰਸਦ ਮੈਂਬਰ ਡੇਬੀ ਅਬਰਾਹਮਸ ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਆਲੋਚਕ ਰਹੀ ਹੈ। ਡੇਬੀ ਅਬਰਾਹਮਸ ਕਸ਼ਮੀਰ 'ਤੇ ਬਿ੍ਰਤਾਨੀ ਸੰਸਦੀ ਕਮੇਟੀ ਦੀ ਪ੍ਰਧਾਨ ਵੀ ਹੈ। ਉਨ੍ਹਾਂ ਆਖਿਆ ਕਿ ਦਿੱਲੀ ਹਵਾਈ ਅੱਡੇ 'ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਵੀ ਨਹੀਂ ਦੱਸਿਆ ਕਿ ਉਨ੍ਹਾਂ ਦਾ ਈ-ਵੀਜ਼ਾ ਕਿਉਂ ਰੱਦ ਕਰ ਦਿੱਤਾ ਗਿਆ ਹੈ। ਕਸ਼ਮੀਰ ਤੋਂ ਸੰਵਿਧਾਨ ਦੀ ਧਾਰਾ-370 ਨੂੰ ਹਟਾਏ ਜਾਣ ਦੇ ਮੋਦੀ ਸਰਕਾਰ ਦੇ ਫੈਸਲੇ ਦਾ ਭਾਰਤ ਵਿਚ ਤਾਂ ਆਮ ਤੌਰ 'ਤੇ ਸਵਾਗਤ ਹੋਇਆ ਸੀ ਪਰ ਦੁਨੀਆ ਦੇ ਕਈ ਦੇਸ਼ਾਂ ਵਿਚ ਖਾਸ ਕਰਕੇ ਲਿਬਰਲ ਸੰਸਦ ਮੈਂਬਰਾਂ ਅਤੇ ਸਿਆਸੀ ਨੇਤਾਵਾਂ ਨੇ ਭਾਰਤ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ। ਡੇਬੀ ਅਬਰਾਹਮਸ ਨਿੱਜੀ ਦੌਰੇ 'ਤੇ ਭਾਰਤ ਆ ਰਹੀ ਸੀ। ਸੋਮਵਾਰ ਨੂੰ ਐਮੀਰਾਟਸ ਫਲਾਈਟ ਤੋਂ ਉਹ ਜਿਵੇਂ ਹੀ ਦਿੱਲੀ ਹਵਾਈ ਅੱਡੇ 'ਤੇ ਲੈਂਡ ਹੋਈ, ਉਨ੍ਹਾਂ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵੀਜ਼ੇ ਨੂੰ ਖਾਰਿਜ਼ ਕਰ ਦਿੱਤਾ ਗਿਆ ਹੈ।

ਦੋਸ਼ੀਆਂ ਦੀ ਤਰ੍ਹਾਂ ਵਰਤਾਓ
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਆਖਿਆ ਕਿ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਨਾਲ ਇਕ ਦੋਸ਼ੀਆਂ ਦੀ ਤਰ੍ਹਾਂ ਵਰਤਾਓ ਕੀਤਾ ਗਿਆ ਅਤੇ ਮੈਨੂੰ ਉਮੀਦ ਹੈ ਕਿ ਉਹ ਮੈਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲਣ ਦੇਣਗੇ। ਉਨ੍ਹਾਂ ਨੇ ਆਪਣੇ ਬਿਆਨ ਵਿਚ ਆਖਿਆ ਕਿ ਇਕ ਅਧਿਕਾਰੀ ਨੇ ਮੇਰਾ ਪਾਸਪੋਰਟ ਲੈ ਲਿਆ ਅਤੇ ਉਹ ਕਰੀਬ 10 ਮਿੰਟ ਤੱਕ ਗਾਇਬ ਰਿਹਾ। ਜਦ ਉਹ ਆਇਆ ਤਾਂ ਉਹ ਬਹੁਤ ਹੀ ਬਡ਼ੇ ਗੁੱਸੇ ਵਿਚ ਗੱਲਾਂ ਕਰ ਰਿਹਾ ਸੀ ਅਤੇ ਮੇਰੇ 'ਤੇ ਚਿੱਕਦੇ ਹੋਏ ਆਪਣੇ ਨਾਲ ਚੱਲਣ ਨੂੰ ਆਖ ਰਿਹਾ ਸੀ।

ਬਿ੍ਰਤਾਨੀ ਸੰਸਦ ਮੈਂਬਰ ਨੂੰ ਬੈਠਿਆ ਗਿਆ ਡਿਪੋਰਟ ਸੈੱਲ ਵਿਚ
ਉਨ੍ਹਾਂ ਅੱਗੇ ਆਖਿਆ ਕਿ ਬਹੁਤ ਸਾਰੇ ਅਧਿਕਾਰੀ ਮੇਰੇ ਕੋਲ ਆਏ। ਮੈਂ ਜਾਣਨਾ ਚਾਹਿਆ ਕਿ ਮੇਰਾ ਵੀਜ਼ਾ ਕਿਉਂ ਰੱਦ ਕੀਤਾ ਗਿਆ ਅਤੇ ਕੀ ਮੈਨੂੰ ਵੀਜ਼ਾ ਆਨ ਅਰਾਈਵਲ ਮਿਲ ਸਕਦਾ ਹੈ ਪਰ ਕਿਸੇ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਪਿਛਲੇ ਸਾਲ ਅਗਸਤ ਵਿਚ ਡੇਬੀ ਅਬਰਾਹਮਸ ਨੇ ਤੱਤਕਾਲੀ ਬਿ੍ਰਤਾਨੀ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਆਖਿਆ ਸੀ ਕਿ ਭਾਰਤ ਦੇ ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਕਾਰਨ ਬਿ੍ਰਤਾਨੀ ਸੰਸਦੀ ਦਲ ਬਹੁਤ ਚਿੰਤਤ ਹੈ ਅਤੇ ਭਾਰਤ ਸਰਕਾਰ ਦੇ ਇਸ ਫੈਸਲੇ ਨੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ।

Khushdeep Jassi

This news is Content Editor Khushdeep Jassi