ਭਾਰਤ ''ਚ ਅਗਸਤ ਮਹੀਨੇ ਪਿਛਲੇ 44 ਸਾਲਾਂ ''ਚ ਸਭ ਤੋਂ ਵੱਧ ਪਿਆ ਮੀਂਹ

08/29/2020 3:36:47 PM

ਨਵੀਂ ਦਿੱਲੀ- ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਅੰਕੜਿਆਂ ਅਨੁਸਾਰ ਭਾਰਤ 'ਚ ਅਗਸਤ ਦੇ ਮਹੀਨੇ 'ਚ ਪਿਛਲੇ 44 ਸਾਲਾਂ 'ਚ ਸਭ ਤੋਂ ਵੱਧ ਮੀਂਹ ਪਿਆ ਹੈ, ਜਿੱਥੇ ਦੇਸ਼ ਦੇ ਕਈ ਹਿੱਸਿਆਂ 'ਚ ਹੜ੍ਹ ਦੀ ਸਥਿਤੀ ਹੈ। ਆਈ.ਐੱਮ.ਡੀ. ਅਨੁਸਾਰ ਅਗਸਤ ਮਹੀਨੇ 'ਚ 28 ਤਰੀਖ਼ ਤੱਕ 25 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1983 'ਚ ਅਗਸਤ ਮਹੀਨੇ 'ਚ ਆਮ ਤੋਂ 23.8 ਫੀਸਦੀ ਵੱਧ ਮੀਂਹ ਪਿਆ ਸੀ। ਦੇਸ਼ 'ਚ ਹੁਣ ਤੱਕ ਕੁੱਲ ਮਿਲਾ ਕੇ ਆਮ ਤੋਂ 9 ਫੀਸਦੀ ਵੱਧ ਮੀਂਹ ਪਿਆ ਹੈ। ਬਿਹਾਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਗੁਜਰਾਤ ਅਤੇ ਗੋਆ 'ਚ ਵੱਧ ਮੀਂਹ ਦਰਜ ਕੀਤਾ ਗਿਆ ਹੈ, ਉੱਥੇ ਹੀ ਸਿੱਕਮ 'ਚ ਸਭ ਤੋਂ ਵੱਧ ਮੀਂਹ ਪਿਆ। ਕਈ ਸੂਬਿਆਂ 'ਚ ਨਦੀਆਂ 'ਚ ਪਾਣੀ ਦਾ ਪੱਧਰ ਵਧਣ ਨਾਲ ਹੜ੍ਹ ਦੇ ਹਾਲਾਤ ਹਨ।

ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਅਨੁਸਾਰ ਦੇਸ਼ 'ਚ 27 ਅਗਸਤ ਤੱਕ ਤਾਲਾਬਾਂ ਦੀ ਕੁੱਲ ਸਮਰੱਥਾ ਪਿਛਲੇ ਸਾਲ ਇਸ ਮਿਆਦ ਤੋਂ ਬਿਹਤਰ ਹੈ। ਇਹ ਪਿਛਲੇ 10 ਸਾਲਾਂ 'ਚ ਇਸ ਮਿਆਦ 'ਚ ਔਸਤ ਭੰਡਾਰਨ ਸਮਰੱਥਾ ਤੋਂ ਵੀ ਬਿਹਤਰ ਹੈ। ਸੀ.ਡਬਲਿਊ.ਸੀ. ਨੇ ਕਿਹਾ ਕਿ ਗੰਗਾ, ਨਰਮਦਾ, ਤਾਪੀ, ਮਾਹੀ, ਸਾਬਰਮਤੀ ਦੀ ਨਦੀ ਘਾਟੀਆਂ 'ਚ, ਕੱਛ, ਗੋਦਾਵਰੀ, ਕ੍ਰਿਸ਼ਨਾ, ਮਹਾਨਦੀ ਅਤੇ ਕਾਵੇਰੀ ਅਤੇ ਦੱਖਣੀ ਭਾਰਤ 'ਚ ਪੱਛਣ ਵੱਲ ਵਗਦੀਆਂ ਨਦੀਆਂ 'ਚ ਪਾਣੀ ਦਾ ਪੱਧਰ ਆਮ ਨਾਲੋਂ ਵੱਧ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ, ਮਣੀਪੁਰ, ਮਿਜ਼ੋਰਮ ਅਤੇ ਨਾਗਾਲੈਂਡ 'ਚ ਇਸ ਸਾਲ ਘੱਟ ਮੀਂਹ ਪਿਆ। ਦੇਸ਼ 'ਚ ਆਮ ਮਾਨਸੂਨ ਦਾ ਮੌਸਮ ਇਕ ਜੂਨ ਤੋਂ 30 ਸਤੰਬਰ ਤੱਕ ਹੁੰਦਾ ਹੈ। ਜੂਨ 'ਚ ਦੇਸ਼ ਭਰ 'ਚ 17 ਫੀਸਦੀ ਵੱਧ ਮੀਂਹ ਪਿਆ, ਉੱਥੇ ਹੀ ਜੁਲਾਈ 'ਚ ਆਮ ਤੋਂ 10 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ।


DIsha

Content Editor

Related News