ਭਾਰਤ ਸਰਕਾਰ ਨੇ ਭਾਰਤੀਆਂ ਨੂੰ ਇਰਾਕ ਦੇ ਇਨ੍ਹਾਂ 5 ਸੂਬਿਆਂ ''ਚ ਨਾ ਜਾਣ ਦੀ ਦਿੱਤੀ ਸਲਾਹ

02/18/2020 12:22:18 PM

ਨਵੀਂ ਦਿੱਲੀ (ਵਾਰਤਾ)— ਭਾਰਤ ਸਰਕਾਰ ਨੇ ਇਰਾਕ ਦੀ ਯਾਤਰਾ 'ਤੇ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਪਹਿਲਾਂ ਤੋਂ ਜਾਰੀ ਐਡਵਾਇਜ਼ਰੀ 'ਚ ਛੋਟ ਦਿੰਦੇ ਹੋਏ ਸੋਧੀ ਹੋਈ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ਵਿਚ ਸੁਰੱਖਿਆ ਦੇ ਨਜ਼ਰੀਏ ਤੋਂ ਇਰਾਕ ਦੇ 5 ਸੂਬਿਆਂ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਇਰਾਕ ਜਾਣ ਵਾਲੇ ਭਾਰਤੀ ਨਾਗਰਿਕਾਂ ਨਿਨਵੇਹ (ਰਾਜਧਾਨੀ ਮੋਸੂਲ), ਸਲਾਹੁਦੀਨ (ਰਾਜਧਾਨੀ ਤਿਕਰਿਤ), ਦਿਯਾਲਾ (ਰਾਜਧਾਨੀ ਬਾਕੁਬਾ), ਅਨਬਾਰ (ਰਾਜਧਾਨੀ ਰਮਾਦੀ) ਅਤੇ ਕਿਰਕੁਕ ਦੀ ਯਾਤਰਾ ਨਾ ਕਰਨ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਭਾਰਤੀ ਹੋਰ ਹਿੱਸਿਆਂ ਦੀ ਯਾਤਰਾ ਕਰ ਸਕਦੇ ਹਨ। ਇਸ ਦੇ ਪਿੱਛੇ ਦਾ ਕਾਰਨ ਇਹ 5 ਸੂਬੇ ਸੁਰੱਖਿਆ ਦੀ ਲਿਹਾਜ਼ ਨਾਲ ਠੀਕ ਨਹੀਂ ਹਨ। 

ਸੋਧੀ ਗਈ ਐਡਵਾਇਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੋ ਭਾਰਤੀ ਨਾਗਰਿਕ ਰੋਜ਼ਗਾਰ ਦੀ ਭਾਲ 'ਚ ਇਰਾਕ ਜਾ ਰਹੇ ਹਨ ਜਾਂ ਪਹਿਲਾਂ ਤੋਂ ਉਨ੍ਹਾਂ ਕੋਲ ਵਰਕ ਪਰਮਿਟ ਅਤੇ ਉੱਚਿਤ ਵੀਜ਼ਾ ਹੈ, ਉਹ ਸੁਰੱਖਿਅਤ ਖੇਤਰਾਂ 'ਚ ਆਪਣੇ ਕੰਮਾਂ 'ਤੇ ਜਾ ਸਕਦੇ ਹਨ ਪਰ ਇਰਾਕ ਦੀ ਯਾਤਰਾ 'ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਬਗਦਾਦ ਸਥਿਤ ਭਾਰਤੀ ਦੂਤਘਰ ਅਤੇ ਅਰਬਿਲ 'ਚ ਕੌਂਸਲੇਟ ਜਨਰਲ ਨੂੰ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਸਰਕਾਰ ਵਲੋਂ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜੋ ਭਾਰਤੀ ਨਾਗਰਿਕ ਧਾਰਮਿਕ ਉਦੇਸ਼ ਨਾਲ ਇਰਾਕ ਦੀ ਯਾਤਰਾ 'ਤੇ ਜਾਣ ਦੇ ਇੱਛੁਕ ਹਨ ਅਤੇ ਉਨ੍ਹਾਂ ਕੋਲ ਉੱਚਿਤ ਵੀਜ਼ਾ ਅਤੇ ਵਾਪਸੀ ਦੀ ਟਿਕਟ ਹੈ, ਉਹ ਨਜ਼ਫ ਅਤੇ ਕਰਬਲਾ ਵਰਗੇ ਪਵਿੱਤਰ ਸਥਾਨਾਂ ਦੀ ਯਾਤਰਾ 'ਤੇ ਜਾ ਸਕਦੇ ਹਨ। ਭਾਰਤੀ ਨਾਗਰਿਕਾਂ ਨੂੰ ਗੁਆਂਢੀ ਦੇਸ਼ ਸੀਰੀਆ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ।


Tanu

Content Editor

Related News