ਭਾਰਤੀ ਨੇ ਖੁਦ ਨੂੰ ਐਲਾਨਿਆ ਇਸ ਅਫਰੀਕੀ ਦੇਸ਼ ਦਾ ਰਾਜਾ, ਖੋਲੇ ਨਾਗਰਿਕਤਾ ਦੇ ਦਰਵਾਜ਼ੇ

11/14/2017 10:58:58 PM

ਨਵੀਂ ਦਿੱਲੀ— ਸੂਡਾਨ ਤੇ ਮਿਸਰ ਦੇ ਵਿਚਕਾਰ ਇਕ ਨਵਾਂ ਦੇਸ਼ ਬਣਿਆ ਹੈ, ਕਿੰਗਡਮ ਆਫ ਦਿਕਸ਼ਿਤ'। ਇਕ ਭਾਰਤੀ ਨੇ ਖੁਦ ਨੂੰ ਇਸ ਦੇਸ਼ ਦਾ ਰਾਜਾ ਐਲਾਨ ਕਰਦੇ ਹੋਏ ਇਥੇ ਆਪਣਾ ਝੰਡਾ ਲਹਿਰਾਇਆ। ਹੁਣ ਉਹ ਚਾਹੁੰਦਾ ਹੈ ਕਿ ਯੂ.ਐੱਨ. ਇਸ ਇਲਾਕੇ ਨੂੰ ਮਾਨਤਾ ਦੇਵੇ। ਉਸ ਨੇ ਲੋਕਾਂ ਨੂੰ ਇਸ ਦੇਸ਼ ਲਈ ਅਪਲਾਈ ਕਰਨ ਦੀ ਵੀ ਅਪੀਲ ਕੀਤੀ ਹੈ।
ਇੰਦੌਰ ਦਾ ਇਕ ਨੌਜਵਾਨ ਹੈ ਸੁਯਸ਼ ਦਿਕਸ਼ਿਤ, ਜਿਸ ਨੇ ਖੁਦ ਨੂੰ ਕਿੰਗਡਮ ਆਫ ਦਿਕਸ਼ਿਤ ਦਾ ਸ਼ਾਸਕ ਐਲਾਨ ਕੀਤਾ ਹੈ। ਜਦੋਂ ਤੋਂ ਉਸ ਨੇ ਇਸ ਦੀਆਂ ਤਸਵੀਰਾਂ ਨੂੰ ਫੇਸਬੁੱਕ 'ਤੇ ਪਾਈਆਂ ਹਨ ਉਦੋਂ ਤੋਂ ਹੀ ਉਹ ਸੁਰਖੀਆਂ 'ਚ ਬਣਿਆ ਹੋਇਆ ਹੈ। ਇਹ ਸੂਡਾਨ ਤੇ ਮਿਸਰ ਦੇ ਵਿਚਕਾਰ ਮੌਜੂਦ ਛੋਟਾ ਜਿਹਾ ਇਲਾਕਾ ਹੈ, ਜਿਸ ਨੂੰ ਬੀਰ ਤਾਵਿਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


ਇਸ ਇਲਾਕੇ 'ਤੇ ਨਹੀਂ ਕਿਸੇ ਦਾ ਦਾਅਵਾ
ਸਾਲ 1902 'ਚ ਜਦੋਂ ਅੰਗ੍ਰੇਜ਼ਾਂ ਨੇ ਇਸ ਇਲਾਕੇ ਦੀ ਸਰਹੱਦਬੰਦੀ ਕੀਤੀ ਸੀ ਤਾਂ ਇਹ ਗੈਰ ਦਾਅਵਾਗ੍ਰਸਤ ਇਲਾਕਾ ਬਣ ਕੇ ਰਹਿ ਗਿਆ। ਮਿਸਰ ਨੂੰ ਲੱਗਦਾ ਹੈ ਕਿ ਇਹ ਸੂਡਾਨ ਦਾ ਇਲਾਕਾ ਹੈ ਜਦਕਿ ਸੂਡਾਨ ਇਸ ਨੂੰ ਮਿਸਰ ਦੀ ਸਰਹੱਦ 'ਚ ਮੰਨਦਾ ਹੈ। ਅਜੇ ਤੱਕ ਕਿਸੇ ਨੇ ਵੀ ਇਸ 'ਤੇ ਦਾਅਵਾ ਨਹੀਂ ਕੀਤਾ ਹੈ। ਹਾਲਾਂਕਿ ਇਹ ਰੇਗਿਸਤਾਨੀ ਇਲਾਕਾ ਹੈ, ਜੋ ਲਾਲ ਸਾਗਰ ਦੇ ਨੇੜੇ ਹੈ। ਮੰਨਿਆ ਜਾਂਦਾ ਹੈ ਕਿ ਇਥੇ ਤੇਲ ਹੋ ਸਕਦਾ ਹੈ।


ਇਥੇ ਪਹੁੰਚਣ ਦੀ ਕਹਾਣੀ
ਦਿਕਸ਼ਿਤ ਕਿਵੇਂ ਇਥੇ ਪਹੁੰਚੇ ਤੇ ਖੁਦ ਨੂੰ ਇਥੋਂ ਦਾ ਰਾਜਾ ਐਲਾਨ ਕੀਤਾ, ਇਸ ਦੀ ਸਾਰੀ ਕਹਾਣੀ ਉਸ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖੀ ਹੈ। ਉਸ ਨੇ ਲਿਖਿਆ ਕਿ ਮੈਂ ਇਸ ਰੇਗਿਸਤਾਨੀ ਇਲਾਕੇ 'ਚ ਪਹੁੰਚਣ ਲਈ 319 ਕਿਲੋਮੀਟਰ ਦੀ ਅਜਿਹੀ ਯਾਤਰਾ ਕੀਤੀ, ਜਿਸ 'ਚ ਜ਼ਿਆਦਾਤਰ ਹਿੱਸੇ 'ਚ ਸੜਕ ਵੀ ਨਹੀਂ ਹੈ। ਇਹ 800 ਵਰਗ ਮੀਲ ਦਾ ਇਲਾਕਾ ਕਿਸੇ ਦੇਸ਼ ਦਾ ਨਹੀਂ ਹੈ।


ਨਾਗਰਿਕਤਾ ਲਈ ਵੈਬਸਾਈਟ ਬਣਾਈ
ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਇਥੇ ਪਹੁੰਚਿਆ। ਇਥੇ ਹਰ ਪਾਸੇ ਪਹਾੜ ਤੇ ਰੇਤ ਹੈ। ਹਾਲਾਂਕਿ ਲੋਕ ਇਥੇ ਜਾਣ ਦੀ ਆਗਿਆ ਨਹੀਂ ਦਿੰਦੇ, ਕਿਉਂਕਿ ਇਥੇ ਜਾਨ ਦਾ ਖਤਰਾ ਰਹਿੰਦਾ ਹੈ। ਮੈਂ ਇਥੇ ਦੋ ਥਾਵਾਂ 'ਤੇ ਆਪਣਾ ਝੰਡਾ ਲਹਿਰਾਇਆ ਹੈ। ਇਕ ਝੰਡਾ ਆਪਣੇ ਦੇਸ਼ ਦੀ ਰਾਜਧਾਨੀ ਤੇ ਇਕ ਸਰਹੱਦ 'ਤੇ। ਅਸੀਂ ਚਾਹੁੰਦੇ ਹਾਂ ਕਿ ਲੋਕ ਇਥੇ ਨਿਵੇਸ਼ ਕਰਨ ਤੇ ਇਥੋਂ ਦੀ ਨਾਗਰਿਕਤਾ ਲੈਣ। ਇਸ ਦੇ ਲਈ ਉਨ੍ਹਾਂ ਨੇ https://kingdomofdixit.gov.best ਵੈਬਸਾਈਟ 'ਤੇ ਅਪਲਾਈ ਕਰਨ ਲਈ ਕਿਹਾ ਹੈ।
ਪਿਤਾ ਨੂੰ ਬਣਾਇਆ ਰਾਸ਼ਟਰਪਤੀ
ਉਸ ਨੇ ਕਿਹਾ ਕਿ ਦੇਸ਼ ਦੇ ਸਾਰੇ ਅਹੁਦੇ ਖਾਲੀ ਹਨ, ਜਿਸ ਲਈ ਲੋਕ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੂੰ ਸਵਿਕਾਰ ਕਰਨ 'ਤੇ ਵਿਚਾਰ ਕੀਤਾ ਜਾਵੇਗਾ। ਸੁਯਸ਼ ਨੇ ਆਪਣੇ ਪਿਤਾ ਨੂੰ ਦੇਸ਼ ਦਾ ਰਾਜਾ ਬਣਾ ਕੇ ਉਨ੍ਹਾਂ ਨੂੰ ਬਰਥ-ਡੇ ਗਿਫਟ ਦੇਣ ਦੀ ਗੱਲ ਕਹੀ ਹੈ।


ਪਹਿਲਾਂ ਤੋਂ ਕਈ ਦਾਅਵੇਦਾਰ
ਚਾਹੇ ਦਿਕਸ਼ਿਤ ਨੇ ਖੁਦ ਨੂੰ ਇਥੋਂ ਦਾ ਰਾਜਾ ਐਲਾਨ ਕਰ ਦਿੱਤਾ ਹੋਵੇ ਤੇ ਉਸ ਦਾ ਇਰਾਦਾ ਇਸ ਨੂੰ ਯੂ.ਐੱਨ. ਤੋਂ ਮਾਨਤਾ ਦਿਵਾਉਣ ਦਾ ਹੋਵੇ ਪਰ ਇਸ 'ਤੇ ਪਹਿਲਾਂ ਵੀ ਕਈ ਲੋਕ ਦਾਅਵਾ ਕਰ ਚੁੱਕੇ ਹਨ। ਸਾਲ 2014 'ਚ ਜੇਰਮੀ ਹੀਟਨ ਨੇ ਇਸ ਨੂੰ ਆਪਣਾ ਦੱਸਿਆ ਸੀ ਤੇ ਇਸ 'ਤੇ ਝੰਡਾ ਵੀ ਲਹਿਰਾਇਆ ਸੀ। ਉਸ ਵੇਲੇ ਉਸ ਦਾ ਮੰਨਣਾ ਸੀ ਕਿ ਇਸ ਦੇਸ਼ ਦੀ ਅਸਲੀ ਸ਼ਹਿਜ਼ਾਦੀ ਉਸ ਦੀ ਬੇਟੀ ਹੈ।