ਭਾਰਤੀ ਫੌਜ ਦੀ ਵਧੇਗੀ ਤਾਕਤ, ਮਿਲੇਗੀ ਇਹ ਅਹਿਮ ਮਿਜ਼ਾਈਲ!

07/21/2017 5:58:03 PM

ਨਵੀਂ ਦਿੱਲੀ— ਭਾਰਤੀ ਫੌਜ ਤਾਕਤ 'ਚ ਜਲਦ ਹੀ ਵਾਧਾ ਹੋਣ ਵਾਲਾ ਹੈ। ਅਜਿਹਾ ਇਸ ਲਈ ਕਿ ਫੌਜ ਨੂੰ ਇਕ ਅਜਿਹੀ ਮਿਜ਼ਾਈਲ ਮਿਲਣ ਵਾਲੀ ਹੈ, ਜੋ ਮੱਧਮ ਦੂਰੀ ਦੀ ਸਤਹ ਤੋਂ ਹਵਾ 'ਚ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਅਤੇ ਭਾਰਤੀ ਫੌਜ ਨੇ ਇਸ ਮਿਜ਼ਾਈਲ ਨੂੰ ਵਿਕਸਿਤ ਕਰਨ ਲਈ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਿਜ਼ਾਈਲ ਦਾ ਨਿਰਮਾਣ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ (ਆਈ.ਏ.ਆਈ.) ਦੇ ਸਹਿਯੋਗ ਨਾਲ ਡੀ.ਆਰ.ਡੀ.ਓ. ਕਰੇਗਾ। 17 ਹਜ਼ਾਰ ਕਰੋੜ ਰੁਪਏ ਦੇ ਇਸ ਪ੍ਰਾਜੈਕਟ 'ਚ 3-3 ਮਿਜ਼ਾਈਲ ਵਾਲੇ 4 ਲਾਂਚਰ ਹੋਣਗੇ।
'ਮੇਕ ਇਨ ਇੰਡੀਆ ਲਈ ਅਹਿਮ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਯਾਤਰਾ ਤੋਂ ਬਾਅਦ ਇਹ ਪ੍ਰਾਜੈਕਟ ਕਈ ਕਾਰਨਾਂ ਕਰ ਕੇ ਅਹਿਮ ਹੈ। ਇਹ ਪ੍ਰਾਜੈਕਟ 'ਮੇਕ ਇਨ ਇੰਡੀਆ' ਲਈ ਵੀ ਅਹਿਮ ਹੋਵੇਗਾ, ਕਿਉਂਕਿ ਮਿਜ਼ਾਈਲ ਸਿਸਟਮ ਦੇ ਜ਼ਿਆਦਾਤਰ ਯੰਤਰ ਸਵਦੇਸ਼ੀ ਹੋਣਗੇ। ਇਸ ਪ੍ਰਾਜੈਕਟ 'ਚ ਭਾਰਤ ਦੇ ਡਿਫੈਂਸ ਪੀ.ਐੱਸ.ਯੂ. ਅਤੇ ਪ੍ਰਾਈਵੇਟ ਇੰਡਸਟਰੀ ਨੂੰ ਵੀ ਹਿੱਸਾ ਲੈਣ ਦਾ ਮੌਕਾ ਮਿਲੇਗਾ। ਫਿਲਹਾਲ ਮੀਡੀਅਮ ਰੇਂਜ 'ਚ ਭਾਰਤ ਕੋਲ 2 ਮਿਜ਼ਾਈਲ ਸਿਸਟਮ ਹਨ, ਜਿਨ੍ਹਾਂ 'ਚੋਂ 10 ਕਿਲੋਮੀਟਰ ਸਮਰੱਥਾ ਵਾਲਾ ਓ.ਐੱਸ.ਏ.-ਏ.ਕੇ. ਅਤੇ 24 ਕਿਲੋਮੀਟਰ ਸਮਰੱਥਾ ਵਾਲਾ ਕਵਾਦਰਥ ਸਿਸਟਮ ਸ਼ਾਮਲ ਹੈ।
ਮਿਜ਼ਾਈਲ ਦੀਆਂ ਖੂਬੀਆਂ
50 ਕਿਲੋਮੀਟਰ ਤੋਂ ਵਧ ਦੂਰੀ ਦੇ ਕਈ ਹਵਾਈ ਟੀਚਿਆਂ ਨੂੰ ਬਣਾ ਸਕਦੀ ਹੈ ਨਿਸ਼ਾਨਾ।
ਦੁਸ਼ਮਣ ਦੇ ਬੈਲੀਸਟਿਕ ਮਿਜ਼ਾਈਲ, ਜਹਾਜ਼, ਹੈਲੀਕਾਪਟਰ, ਡਰੋਨ, ਸਰਵਿਸਲਾਂਸ ਜਹਾਜ਼ ਅਤੇ ਅਵਾਕਸ ਜਹਾਜ਼ ਨੂੰ ਮਾਰਨ 'ਚ ਸਮਰੱਥ। ਬੇਹੱਦ ਐਡਵਾਂਸਡ ਅਤੇ ਹਰ ਮੌਸਮ 'ਚ ਕੰਮ ਕਰਨ ਵਾਲੀ। ਮੋਬਾਇਲ ਸਿਸਟਮ 'ਚ 360 ਡਿਗਰੀ ਮੂਵਮੈਂਟ ਦੀ ਸਮਰੱਥਾ।