ਭਾਰੀ ਬਰਫਬਾਰੀ ’ਚ ਚੀਨ ਬਾਰਡਰ ’ਤੇ ਫਸੇ 2500 ਸੈਲਾਨੀਆਂ ਨੂੰ ਫੌਜ ਨੇ ਬਚਾਇਆ

12/30/2018 1:23:12 AM

ਗੰਗਟੋਕ– ਪੂਰਬੀ ਸਿਕਮ ਵਿਚ ਭਾਰਤ-ਚੀਨ ਬਾਰਡਰ ਦੇ ਨੇੜੇ 17 ਮੀਲ ਇਲਾਕੇ ਦੇ ਕੋਲ ਬਰਫਬਾਰੀ ਮਗਰੋਂ ਫਸੇ 2500 ਤੋਂ ਵੱਧ ਸੈਲਾਨੀਆਂ ਨੂੰ ਭਾਰਤੀ ਫੌਜੀਆਂ ਨੂੰ ਬਚਾਇਆ ਹੈ। ਇਨ੍ਹਾਂ ਵਿਚ 100 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਪੂਰਬੀ ਸਿਕਮ ਦੇ ਡਿਪਟੀ ਕਮਿਸ਼ਨਰ ਕਪਿਲ ਮੀਣਾ ਨੇ ਦੱਸਿਆ ਕਿ ਸੈਲਾਨੀ ਸ਼ੁੱਕਰਵਾਰ ਸ਼ਾਮ ਨਾਥੂ ਲਾ ਦਰੇ ਅਤੇ ਤਸੋਗੋ (ਚਾਂਗੂ) ਝੀਲ ਤੋਂ ਪਰਤ ਰਹੇ ਸੀ ਅਤੇ ਬਰਫਬਾਰੀ ਕਾਰਨ ਇਲਾਕੇ ਦੀਆਂ ਸੜਕਾਂ ’ਤੇ ਚੱਲਣਾ ਔਖਾ ਹੋ ਗਿਆ।
ਮੀਣਾ ਨੇ ਦੱਸਿਆ ਕਿ ਫੌਜ ਦੇ ਸੈਂਕੜੇ ਜਵਾਨ ਤੁਰੰਤ ਹਰਕਤ ਵਿਚ ਆ ਗਏ ਅਤੇ ਸੈਲਾਨੀਆਂ ਨੂੰ ਬਚਾਅ ਲਿਆ। ਸੈਲਾਨੀਆਂ ਨੂੰ ਬਚਾਉਣ ਮਗਰੋ ਉਨ੍ਹਾਂ ਨੂੰ 17 ਮੀਲ ਇਲਾਕੇ ਵਿਚ ਸਥਿਤ ਕੈਂਪ ਵਿਚ ਲਿਜਾਇਆ ਗਿਆ।

400 ਵਾਹਨ ਵੀ ਫਸੇ
ਨਾਥੂ ਲਾ ਨੇੜੇ 17 ਮੀਲ ਇਲਾਕੇ ਵਿਚ ਬਰਫਬਾਰੀ ਵਿਚ 400 ਵਾਹਨ ਫਸੇ ਹਨ। ਦੱਸਿਆ ਜਾ ਰਿਹਾ ਹੈ ਕਿ 1500 ਵਿਅਕਤੀਆਂ ਨੂੰ 17 ਮੀਲ ਦੇ ਸ਼ੈਲਟਰ ਵਿਚ ਰੱਖਿਆ ਗਿਆ ਸੀ, ਜਦਕਿ ਹੋਰਨਾਂ ਲੋਕਾਂ ਨੂੰ 13 ਮੀਲ ਇਲਾਕੇ ਵਿਚ ਸੁਰੱਖਿਅਤ ਪਹੁੰਚਾਇਆ ਗਿਆ।

ਮੁਹੱਈਆ ਕਰਵਾਈਆਂ ਜ਼ਰੂਰੀ ਚੀਜ਼ਾਂ

ਸਾਰੇ ਸੈਲਾਨੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ, ਦਵਾਈਆਂ ਅਤੇ ਕੱਪੜੇ ਵੀ ਮੁਹੱਈਆ ਕਰਵਾਏ ਗਏ ਹਨ। ਓਧਰ ਰਸਤੇ ਦੀ ਬਰਫ ਨੂੰ ਸਾਫ ਕਰਨ ਲਈ ਫੌਜ ਵਲੋਂ 2 ਜੇ. ਸੀ. ਬੀ. ਅਤੇ ਬੁਲਡੋਜ਼ਰ ਲਾਏ ਗਏ ਹਨ। ਦੱਸਿਆ ਕਿ ਜਦੋਂ ਤੱਕ ਸਾਰੇ ਮੁਸਾਫਿਰ ਸੁਰੱਖਿਅਤ ਗੰਗਟੋਕ ਤੱਕ ਨਹੀਂ ਪਹੁੰਚ ਜਾਂਦੇ, ਫੌਜ ਦਾ ਆਪ੍ਰੇਸ਼ਨ ਜਾਰੀ ਰਹੇਗਾ।

10 ਸਾਲ ਬਾਅਦ ਬਰਫਬਾਰੀ
ਸਿਕਮ ਵਿਚ 10 ਸਾਲ ਬਾਅਦ ਬਰਫਬਾਰੀ ਹੋਈ ਹੈ। ਇਥੋਂ ਦੇ ਉਪਰਲੇ ਹਿੱਸੇ ਜਿਵੇਂ ਕਿ ਗੰਗਟੋਕ, ਨਾਥੂ ਲਾ, ਸ਼ਾਂਗੁ ਲੇਕ ਅਤੇ ਰਵਾਂਗਲਾ ਬਰਫ ਦੀ ਚਾਦਰ ਨਾਲ ਢਕ ਗਏ। ਗੰਗਟੋਕ ਦਾ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਿਸ ਨਾਲ ਇਥੇ ਕੜਾਕੇ ਦੀ ਠੰਡ ਪੈ ਰਹੀ ਹੈ।

Inder Prajapati

This news is Content Editor Inder Prajapati