ਭਾਰਤੀ ਫ਼ੌਜ ਦੀ ਦਰਿਆਦਿਲੀ: LAC 'ਤੇ ਤਣਾਅ ਦਰਮਿਆਨ ਬਚਾਈ 3 ਚੀਨੀ ਨਾਗਰਿਕਾਂ ਦੀ ਜਾਨ

09/05/2020 2:45:14 PM

ਸਿੱਕਮ— ਭਾਰਤ ਅਤੇ ਚੀਨ ਵਿਚਾਲੇ ਸਰਹੱਦ 'ਤੇ ਤਣਾਅ ਜਾਰੀ ਹੈ। ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਤਣਾਅ ਵਾਲੇ ਹਾਲਾਤ ਹਨ। ਭਾਰਤ-ਚੀਨ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹਨ। ਇਸ ਦੇ ਬਾਵਜੂਦ ਦੇਸ਼ ਦੇ ਜਵਾਨ ਉੱਤਰੀ ਸਿੱਕਮ 'ਚ ਚੀਨੀ ਨਾਗਰਿਕਾਂ ਨੂੰ ਪਰੇਸ਼ਾਨੀ 'ਚ ਵੇਖ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਪਿੱਛੇ ਨਹੀਂ ਹਟੇ। ਫ਼ੌਜ ਵਲੋਂ ਜਾਰੀ ਬਿਆਨ ਮੁਤਾਬਕ ਚੀਨ ਦੇ 3 ਨਾਗਰਿਕਾਂ ਜਿਨ੍ਹਾਂ 'ਚ ਇਕ ਬੀਬੀ ਵੀ ਸ਼ਾਮਲ ਸੀ। ਉਹ ਸਿੱਕਮ 'ਚ 'ਜ਼ੀਰੋ ਡਿਗਰੀ' ਤਾਪਮਾਨ ਦੌਰਾਨ ਪਰੇਸ਼ਾਨੀ ਵਿਚ ਸਨ। ਕਰੀਬ 17,500 ਫੁੱਟ ਦੀ ਉੱਚਾਈ 'ਤੇ ਉੱਤਰੀ ਸਿੱਕਮ ਦੇ ਪਠਾਰ ਖੇਤਰ ਵਿਚ ਇਹ ਤਿੰਨੋਂ ਚੀਨੀ ਨਾਗਰਿਕ ਰਸਤਾ ਭਟਕ ਗਏ ਸਨ। ਇਸ ਦੌਰਾਨ ਭਾਰਤੀ ਜਵਾਨਾਂ ਨੇ ਉਨ੍ਹਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ। 


ਚੀਨੀ ਨਾਗਰਿਕਾਂ ਨੂੰ ਪਰੇਸ਼ਾਨ ਵੇਖ ਕੇ ਭਾਰਤੀ ਜਵਾਨ ਤੁਰੰਤ ਮਦਦ ਲਈ ਪਹੁੰਚ ਗਏ। ਜ਼ੀਰੋ ਡਿਗਰੀ ਤਾਪਮਾਨ ਕਾਰਨ ਸਾਰਿਆਂ ਦੀ ਜਾਨ ਮੁਸ਼ਕਲ 'ਚ ਆ ਗਈ ਸੀ ਪਰ ਭਾਰਤੀ ਫ਼ੌਜ ਨੇ ਦਰਿਆਦਿਲੀ ਵਿਖਾਉਂਦੇ ਹੋਏ ਉਨ੍ਹਾਂ ਨੂੰ ਬਚਾਉਣ ਲਈ ਮੈਡੀਕਲ ਸਹਾਇਤਾ, ਆਕਸੀਜਨ, ਭੋਜਨ ਅਤੇ ਗਰਮ ਕੱਪੜੇ ਦਿੱਤੇ। ਇੰਨਾ ਹੀ ਨਹੀਂ ਭਾਰਤੀ ਫ਼ੌਜ ਨੇ ਉਨ੍ਹਾਂ ਨੂੰ ਸਹੀ ਢੰਗ ਨਾਲ ਰਸਤੇ ਬਾਰੇ ਦੱਸਿਆ, ਜਿਸ ਤੋਂ ਬਾਅਦ ਉਹ ਆਪਣੀ ਮੰਜ਼ਿਲ 'ਤੇ ਪਰਤ ਆਏ। ਚੀਨੀ ਨਾਗਰਿਕਾਂ ਨੇ ਉਨ੍ਹਾਂ ਦੀ ਤੁਰੰਤ ਮਦਦ ਲਈ ਭਾਰਤ ਅਤੇ ਭਾਰਤੀ ਫ਼ੌਜ ਦਾ ਧੰਨਵਾਦ ਜਤਾਇਆ ਹੈ।


ਦੱਸ ਦੇਈਏ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦ 'ਤੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਪੂਰਬੀ ਲੱਦਾਖ ਦੀ ਗਲਵਾਨੀ ਘਾਟੀ 'ਚ ओ15-16 ਜੂਨ ਨੂੰ ਹੋਈ ਹਿੰਸਕ ਝੜਪ 'ਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਹਾਲ ਹੀ 'ਚ 29-30 ਅਗਸਤ ਨੂੰ ਪੈਂਗੋਂਗ ਝੀਲ ਇਲਾਕੇ 'ਚ ਝੜਪ ਹੋਈ, ਜਿਸ ਦਾ ਭਾਰਤੀ ਫ਼ੌਜ ਨੇ ਮੂੰਹ ਤੋੜ ਜਵਾਬ ਦਿੱਤਾ। ਇਸ ਨੂੰ ਲੈ ਕੇ ਦੋਹਾਂ ਦੇਸ਼ਾਂ ਵਾਲੇ ਬੈਠਕਾਂ ਜਾਰੀ ਹਨ। ਭਾਰਤ ਨੇ ਕਿਹਾ ਕਿ ਉਹ ਹਰ ਮੁੱਦੇ ਦਾ ਗੱਲਬਾਤ ਰਾਹੀਂ ਹੱਲ ਚਾਹੁੰਦਾ ਹੈ।

Tanu

This news is Content Editor Tanu