ਭਾਰਤੀ ਬੱਚੀ ਸ਼ੇਰੀਨ ਕੀਤੀ ਗਈ ਸਪੁਰਦ-ਏ-ਖਾਕ, ਦਫਨਾਉਣ ਵਾਲੀ ਥਾਂ ਰੱਖੀ ਗਈ ਗੁਪਤ

11/02/2017 8:36:07 AM

ਡਲਾਸ,(ਬਿਊਰੋ)— ਤਿੰਨ ਸਾਲਾ ਭਾਰਤੀ ਬੱਚੀ ਸ਼ੇਰੀਨ ਮੈਥਿਊਜ਼ ਨੂੰ ਨਿੱਜੀ ਸਮਾਰੋਹ ਦੌਰਾਨ ਦਫਨਾ ਦਿੱਤਾ ਗਿਆ। ਡਲਾਸ ਵਿਚਲੇ ਆਪਣੇ ਘਰ ਵਿੱਚੋਂ 7 ਅਕਤੂਬਰ ਨੂੰ ਲਾਪਤਾ ਹੋਈ, ਸ਼ੇਰੀਨ ਦੀ ਲਾਸ਼ 22 ਅਕਤੂਬਰ ਨੂੰ ਇਕ ਪੁਲੀ ਹੇਠੋਂ ਮਿਲੀ ਸੀ।
ਪਰਿਵਾਰ ਦੇ ਵਕੀਲਾਂ ਨੇ ਦੱਸਿਆ ਕਿ ਡਲਾਸ ਦੀ ਲਾਸ਼ ਨੂੰ ਡਾਕਟਰੀ ਜਾਂਚ ਤੋਂ ਬਾਅਦ ਪਰਿਵਾਰ ਨੂੰ ਸੌਂਪਿਆ ਗਿਆ ਅਤੇ ਉਸ ਦੀ ਪੋਸਟਮਾਰਟਮ ਰਿਪੋਰਟ ਦਾ ਹਾਲੇ ਇੰਤਜ਼ਾਰ ਹੈ। ਸ਼ੇਰੀਨ ਨੂੰ ਭਾਰਤੀ-ਅਮਰੀਕੀ ਜੋੜੇ ਵੈਸਲੇ ਮੈਥਿਊਜ਼ ਅਤੇ ਸਿਨੀ ਮੈਥਿਊਜ਼ ਨੇ ਪਿਛਲੇ ਸਾਲ ਭਾਰਤ ਦੇ ਇਕ ਅਨਾਥ ਆਸ਼ਰਮ ਤੋਂ ਗੋਦ ਲਿਆ ਸੀ। ਵਕੀਲਾਂ ਮਿਚਲ ਨੋਲਟ ਅਤੇ ਗ੍ਰੈਗ ਗਿੱਬਜ਼ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੀਆਂ ਅੰਤਮ ਰਸਮਾਂ ਧਾਰਮਿਕ ਅਤੇ ਪਰਿਵਾਰਕ ਵਿਸ਼ਵਾਸਾਂ ਮੁਤਾਬਕ ਕੀਤੀਆਂ ਗਈਆਂ।
ਵਕੀਲਾਂ ਨੇ ਕਿਹਾ ਕਿ ਬੱਚੀ ਨੂੰ ਦਫਨਾਉਣ ਵਾਲੀ ਥਾਂ ਗੁਪਤ ਰੱਖੀ ਗਈ ਹੈ। ਸੂਤਰਾਂ ਮੁਤਾਬਕ ਸਿਨੀ ਮੈਥਿਊਜ਼ ਪਰਿਵਾਰ ਅਤੇ ਨੇੜਲੇ ਮਿੱਤਰਾਂ ਨਾਲ ਅੰਤਮ ਰਸਮਾਂ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਪ੍ਰੈੱਸ ਅਤੇ ਸੋਸ਼ਲ ਮੀਡੀਆ ਦੇ ਬੇਹੱਦ ਦਬਾਅ ਕਾਰਨ ਪਰਿਵਾਰ ਨੇ ਰਸਮਾਂ ਨੂੰ ਗੁਪਤ ਰੱਖਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਨਿੱਜੀ ਤੌਰ 'ਤੇ ਸਭ ਦਾ ਧੰਨਵਾਦ ਨਹੀਂ ਕਰ ਸਕਦਾ ਪਰ ਇਸ ਦੁੱਖ ਦੀ ਘੜੀ ਵਿੱਚ ਲੋਕਾਂ ਵੱਲੋਂ ਦਿਖਾਏ ਸਨੇਹ ਤੇ ਅਰਦਾਸ ਕਰਨ ਦੀ ਸ਼ਲਾਘਾ ਕਰਦਾ ਹੈ। ਤੁਹਾਨੂੰ ਦੱਸ ਦਈਏ ਕਿ ਬੱਚੀ ਦੀ ਮਾਂ ਸੀਨੀ ਮੈਥਿਊਜ਼ ਨੇ ਕਿਹਾ ਸੀ ਕਿ ਉਹ ਉਸ ਸਮੇਂ ਸੌਂ ਰਹੀ ਸੀ ਜਦ ਉਸ ਦੇ ਪਤੀ ਨੇ ਬੱਚੀ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਪੁਲਸ ਨੇ ਸਿਨੀ ਮੈਥਿਊਜ਼ ਨੂੰ ਹਿਰਾਸਤ 'ਚ ਨਹੀਂ ਲਿਆ ਸੀ।


Related News