ਆਸਟ੍ਰੇਲੀਆ ''ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 7 ਵਿਸ਼ੇਸ਼ ਉਡਾਣਾਂ ਸੰਚਾਲਿਤ ਕਰੇਗਾ ਭਾਰਤ

05/13/2020 8:45:58 PM

ਮੈਲਬੋਰਨ - ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਯਾਤਰਾ ਪਾਬੰਦੀਆਂ ਵਿਚਾਲੇ ਆਸਟ੍ਰੇਲੀਆ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ 21 ਮਈ ਤੋਂ 7 ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕਰੇਗਾ। ਕੈਨਬਰਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇਕ ਅਧਿਕਾਰਕ ਜਾਣਕਾਰੀ ਵਿਚ, ਹਾਈ ਕਮਿਸ਼ਨ ਨੇ ਪੁਸ਼ਟੀ ਕੀਤੀ ਕਿ ਸਰਕਾਰ ਦੇ 'ਵੰਦੇ ਭਾਰਤ ਮਿਸ਼ਨ' ਦੇ ਤਹਿਤ ਏਅਰ ਇੰਡੀਆ ਦੀਆਂ ਵਿਸ਼ੇਸ਼ ਉਡਾਣਾਂ ਭਾਰਤੀਆਂ ਨੂੰ ਵਾਪਸ ਲਿਜਾਣਗੀਆਂ। ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਇਸ ਮਿਸ਼ਨ ਦੇ ਪਹਿਲੇ ਪੜਾਅ ਵਿਚ, ਏਅਰ ਇੰਡੀਆ 21 ਮਈ ਤੋਂ 28 ਮਈ 2020 ਤੱਕ ਆਸਟ੍ਰੇਲੀਆ ਤੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਲਈ ਵਿਸ਼ੇਸ਼ ਉਡਾਣ ਸੰਚਾਲਿਤ ਕਰੇਗੀ।

ਉਸ ਵਿਚ ਕਿਹਾ ਗਿਆ ਕਿ ਸੀਟਾਂ ਸੀਮਤ ਹਨ, ਇਸ ਲਈ ਸਭ ਤੋਂ ਜ਼ਰੂਰੀ ਮਾਮਲਿਆਂ ਵਾਲੇ ਯਾਤਰੀਆਂ ਨੂੰ ਪਹਿਲ ਦਿੱਤੀ ਜਾਵੇਗੀ। ਜੇਕਰ ਸ਼ਾਰਟਲਿਸਟ ਕੀਤੇ ਗਏ ਯਾਤਰੀ 24 ਘੰਟਿਆਂ ਦੇ ਅੰਦਰ ਟਿਕਟ ਖਰੀਦਣ ਵਿਚ ਅਸਫਲ ਰਹੇ ਤਾਂ ਉਨ੍ਹਾਂ ਦੀ ਸੀਟ ਵੈਟਿੰਗ ਲਿਸਟ ਵਿਚ ਅਗਲੇ ਯਾਤਰੀ ਨੂੰ ਦੇ ਦਿੱਤੀ ਜਾਵੇਗੀ। ਯਾਤਰਾ ਦਾ ਖਰਚ ਯਾਤਰੀ ਖੁਦ ਕਰਨਗੇ ਅਤੇ ਹਾਈ ਕਮਿਸ਼ਨ ਉਡਾਣਾਂ ਲਈ ਸ਼ਾਰਟਲਿਸਟ ਕੀਤੇ ਗਏ ਯਾਤਰੀਆਂ ਨੂੰ ਈ-ਮੇਲ ਦੇ ਜ਼ਰੀਏ ਸੂਚਿਤ ਕਰੇਗਾ। ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਦੀ ਆਬਾਦੀ ਕਰੀਬ 7 ਲੱਖ ਹੈ। ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿਚ ਭਾਰਤ ਦੇ ਕਰੀਬ 90,000 ਵਿਦਿਆਰਥੀ ਪੱੜਦੇ ਹਨ। ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦੇ 6,972 ਮਾਮਲੇ ਹਨ, ਜਿਨ੍ਹਾਂ ਵਿਚੋਂ 98 ਲੋਕਾਂ ਦੀ ਮੌਤ ਹੋਈ ਹੈ।

Khushdeep Jassi

This news is Content Editor Khushdeep Jassi