ਅਮਰੀਕਾ ਵੱਲੋਂ ਪਾਬੰਦੀ ਦੇ ਬਾਵਜੂਦ ਰੂਸ ਨਾਲ ਡੀਲ ਕਰੇਗਾ ਭਾਰਤ

07/14/2018 3:39:24 AM

ਨਵੀਂ ਦਿੱਲੀ — ਭਾਰਤ ਰੂਸ ਨਾਲ ਹੋਣ ਵਾਲੀ 39 ਹਜ਼ਾਰ ਕਰੋੜ ਰੁਪਏ ਦੀ ਐਡਵਾਂਸਡ ਐੱਸ-400 ਏਅਰ ਡਿਫੈਂਸ ਮਿਜ਼ਾਈਲ ਸਿਸਟਮ ਡੀਲ 'ਤੇ ਅੱਗੇ ਵਧੇਗਾ। ਅਮਰੀਕਾ ਵੱਲੋਂ ਦਬਾਅ ਦੇ ਬਾਵਜੂਦ ਭਾਰਤ ਡੀਲ ਤੋਂ ਪਿੱਛੇ ਨਹੀਂ ਹਟੇਗਾ। ਰੱਖਿਆ ਮੰਤਰੀ ਨਿਰਮਲਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਕਹੀ। ਐੱਸ-400 ਸਿਸਟਮ ਦੀ ਖਰੀਦ ਨੂੰ ਲੈ ਕੇ ਰੂਸ ਨਾਲ ਪਿਛਲੇ ਕੁਝ ਸਾਲਾ ਤੋਂ ਗੱਲਬਾਤ ਚੱਲ ਰਹੀ ਹੈ।
ਰੱਖਿਆ ਮੰਤਰੀ ਨੇ ਕਿਹਾ, 'ਮੈਂ ਇਸ ਨੂੰ ਅਮਰੀਕਾ ਅਤੇ ਰੂਸ 'ਚੋਂ ਕਿਸੇ ਇਕ ਨੂੰ ਚੁੱਣਨ ਦੇ ਤੌਰ 'ਤੇ ਨਹੀਂ ਦੇਖ ਰਹੀ ਹਾਂ। ਅਸੀਂ ਅਮਰੀਕੀ ਡੈਲੀਗੇਸ਼ਨ ਨੂੰ ਦੱਸਿਆ ਹੈ ਕਿ ਅਸੀਂ ਰੂਸ ਨਾਲ ਨਿਯਮਤ ਸੰਬੰਧ 'ਚ ਹਾਂ, ਇਸ 'ਚ ਰੱਖਿਆ ਸੌਦੇ ਵੀ ਸ਼ਾਮਲ ਹਨ ਜਿਨ੍ਹਾਂ 'ਤੇ ਕਈ ਸਾਲ ਤੋਂ ਗੱਲਬਾਤ ਚੱਲ ਰਹੀ ਹੈ।' ਸਾਡੀ ਸਹਿਯੋਗੀ ਅਖਬਾਰ ਟਾਈਮਸ ਆਫ ਇੰਡੀਆ ਨੇ ਅਕਤੂਬਰ 2015 'ਚ ਦੱਸਿਆ ਸੀ ਕਿ ਭਾਰਤ ਰੂਸ ਨਾਲ ਐੱਸ-400 ਮਿਜ਼ਾਈਲ ਸਿਸਟਮ ਦੀ ਡੀਲ ਕਰਨ ਜਾ ਰਿਹਾ ਹੈ, ਇਹ ਸਿਸਟਮ ਲੜਾਕੂ ਜਹਾਜ਼, ਖੁਫੀਆ ਪਲੇਨ, ਮਿਜ਼ਾਈਲ ਅਤੇ ਡ੍ਰੋਨ ਨੂੰ ਤਬਾਹ ਕਰਨ 'ਚ ਮਾਹਿਰ ਹੈ।
ਸੀ. ਏ. ਏ. ਟੀ. ਐੱਸ. ਏ. ਨੂੰ ਲੈ ਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਅਮਰੀਕੀ ਸਹਿਯੋਗੀਆਂ ਵਿਚਾਲੇ ਗੱਲਬਾਤ ਹੋਵੇਗੀ। ਇਹ ਗੱਲਬਾਤ ਪਹਿਲਾਂ ਜੁਲਾਈ 'ਚ ਹੋਣ ਵਾਲੀ ਸੀ ਪਰ ਕਈ ਕਾਰਨਾਂ ਅਮਰੀਕਾ ਨੇ ਇਸ ਨੂੰ ਰੱਦ ਕਰ ਦਿੱਤਾ। ਹੁਣ ਇਹ ਮੀਟਿੰਗ ਸਤੰਬਰ ਦੀ ਸ਼ੁਰੂਆਤ 'ਚ ਹੋਵੇਗੀ।