ਭਾਰਤ 2025 ਤੱਕ ਬਣ ਜਾਵੇਗਾ 5,000 ਅਰਬ ਡਾਲਰ ਦੀ ਅਰਥਵਿਵਸਥਾ : ਸ਼ਾਹ

12/09/2023 7:31:53 PM

ਦੇਹਰਾਦੂਨ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ 2025 ਦੇ ਅਖੀਰ ਤੱਕ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਇੱਥੇ ਉਤਰਾਖੰਡ ਗਲੋਬਲ ਇਨਵੈਸਟਰਜ਼ ਸਮਿਟ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਸਦਕਾ ਭਾਰਤ ਨੇ ਪਿਛਲੇ ਦਹਾਕੇ ਦੌਰਾਨ ਹਰ ਮੋਰਚੇ ’ਤੇ ਤੇਜ਼ੀ ਨਾਲ ਤਰੱਕੀ ਕੀਤੀ ਹੈ।

ਸ਼ਾਹ ਨੇ ਕਿਹਾ ਕਿ ਅੱਜ ਦੁਨੀਆ ਉਮੀਦ ਭਰੀਆਂ ਨਜ਼ਰਾਂ ਨਾਲ ਭਾਰਤ ਵੱਲ ਦੇਖ ਰਹੀ ਹੈ। 2014 ਅਤੇ 2023 ਦੇ ਵਿਚਕਾਰ, ਭਾਰਤ 11ਵੀਂ ਅਰਥਵਿਵਸਥਾ ਤੋਂ ਦੁਨੀਆ ਦੀ 5ਵੀਂ (ਸਭ ਤੋਂ ਵੱਡੀ) ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਦੌਰਾਨ ਦੇਸ਼ ਨੇ ਇੰਨੀ ਵੱਡੀ ਛਲਾਂਗ ਪਹਿਲਾਂ ਕਦੇ ਨਹੀਂ ਮਾਰੀ।

ਉਨ੍ਹਾਂ ਨੇ ਇਸ ਦਾ ਸਿਹਰਾ ਮੋਦੀ ਦੀ ਦੂਰਅੰਦੇਸ਼ੀ ਲੀਡਰਸ਼ਿਪ ਅਤੇ ਆਪਣੇ ਟੀਚਿਆਂ ਨੂੰ ਹਕੀਕਤ ਵਿਚ ਬਦਲਣ ਦੀ ਸਮਰੱਥਾ ਨੂੰ ਦਿੱਤਾ। ਸ਼ਾਹ ਨੇ ਕਿਹਾ ਕਿ ਮੋਦੀ ਜਲਵਾਯੂ ਪਰਿਵਰਤਨ ਵਿਰੁੱਧ ਅੰਦੋਲਨ ਦੀ ਅਗਵਾਈ ਕਰ ਰਹੇ ਹਨ, ਅੱਤਵਾਦ-ਮੁਕਤ ਵਿਸ਼ਵ ਲਈ ਅੰਤਰਰਾਸ਼ਟਰੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ ਅਤੇ ਆਪਣੇ ਮੇਕ ਇਨ ਇੰਡੀਆ ਪ੍ਰੋਗਰਾਮ ਰਾਹੀਂ ਦੁਨੀਆ ਦੀ ਹੌਲੀ ਹੋ ਰਹੀ ਜੀ. ਡੀ. ਪੀ. ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੀ-20 ਦਿੱਲੀ ਐਲਾਨਨਾਮਾ ਕੂਟਨੀਤਕ ਮੋਰਚੇ ’ਤੇ ਭਾਰਤ ਦੀ ਵੱਡੀ ਪ੍ਰਾਪਤੀ ਹੈ, ਜਿਸ ਨੂੰ ਦੁਨੀਆ ਆਉਣ ਵਾਲੇ ਦਹਾਕਿਆਂ ਤੱਕ ਯਾਦ ਰੱਖੇਗੀ।

Rakesh

This news is Content Editor Rakesh