ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ''ਚ ਹਰ ਮੌਸਮ ਵਿਚ ਦਿਨ ਅਤੇ ਰਾਤ ਦੇ ਸਮੇਂ ਵਧ ਰਹੀ ਹੈ ਗਰਮੀ

02/08/2020 11:55:35 AM

ਕੋਲਕਾਤਾ— ਆਈ. ਆਈ. ਟੀ. ਖੜਗਪੁਰ ਦੇ ਖੋਜਕਾਰਾਂ ਦੀ ਟੀਮ ਨੇ ਦੇਖਿਆ ਕਿ ਦੇਸ਼ ਦੇ ਜ਼ਿਆਦਾਤਰ ਸ਼ਹਿਰ ਸਾਰੇ ਮੌਸਮਾਂ 'ਚ ਦਿਨ ਅਤੇ ਰਾਤ ਦੌਰਾਨ ਮਨੁੱਖੀ ਸਰਗਰਮੀਆਂ ਕਾਰਨ ਆਪਣੇ ਆਲੇ-ਦੁਆਲੇ ਦੇ ਗ੍ਰਾਮੀਣ ਖੇਤਰ ਤੋਂ ਵੱਧ ਗਰਮ ਰਹੇ ਹਨ, ਯਾਨੀ 'ਅਰਬਨ ਹੀਟ ਆਈਲੈਂਡ' ਵਿਚ ਤਬਦੀਲ ਹੋ ਰਹੇ ਹਨ। ਆਈ. ਆਈ. ਟੀ. ਖੜਗਪੁਰ ਦੇ ਮਹਾਸਾਗਰ, ਨਦੀ, ਵਾਯੂ ਮੰਡਲ ਅਤੇ ਭੂਮੀ ਵਿਗਿਆਨ ਕੇਂਦਰ (ਕੋਰਲ) ਦੇ ਖੋਜਕਾਰਾਂ ਅਤੇ ਉਸ ਦੇ ਵਾਸਤੂਕਲਾ ਅਤੇ ਖੇਤਰੀ ਯੋਜਨਾ ਵਿਭਾਗ ਨੇ ਆਪਣੇ ਅਧਿਐਨ 'ਚ ਦੱਸਿਆ ਕਿ ਦੇਸ਼ 'ਚ 10 ਲੱਖ ਤੋਂ ਵਧ ਆਬਾਦੀ ਵਾਲੇ ਵੱਡੇ ਸ਼ਹਿਰਾਂ 'ਚ ਦਿਨ ਦੌਰਾਨ ਪਾਰਾ ਵਧ ਦਰਜ ਕੀਤਾ ਗਿਆ ਅਤੇ ਰਾਤ ਸਮੇਂ ਪਾਰਾ ਆਸ ਨਾਲੋਂ ਵਧ ਪਾਇਆ ਗਿਆ।

ਆਈ. ਆਈ. ਟੀ.-ਕੇ. ਜੀ. ਪੀ. ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਉਪਨਗਰਾਂ ਦੇ ਮੁਕਾਬਲੇ ਸ਼ਹਿਰੀ ਇਲਾਕਿਆਂ 'ਚ ਵੱਧ ਗਰਮ ਤਾਪਮਾਨ ਨਾਲ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਖਦਸ਼ਾ ਹੈ ਕਿਉਂਕਿ ਪ੍ਰਦੂਸ਼ਣ ਤੋਂ ਇਲਾਵਾ ਗਰਮ ਹਵਾਵਾਂ ਵੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ। ਇਕ ਖੋਜਕਾਰ ਪ੍ਰੋ. ਅਰੁਣ ਚੱਕਰਵਰਤੀ ਨੇ ਕਿਹਾ ਕਿ ਸਾਡਾ ਅਧਿਐਨ ਵਿਸਥਾਰਪੂਰਵਕ ਹੈ ਅਤੇ ਇਸ ਵਿਚ ਭਾਰਤ ਦੇ ਗਰਮ ਸ਼ਹਿਰੀ ਇਲਾਕਿਆਂ ਦਾ ਸਾਵਧਾਨੀਪੂਰਵਕ ਵਿਸ਼ਲੇਸ਼ਣ ਕੀਤਾ ਗਿਆ ਹੈ। ਅਸੀਂ 2001 ਤੋਂ 2017 ਦਰਮਿਆਨ 44 ਪ੍ਰਮੁੱਖ ਸ਼ਹਿਰਾਂ 'ਚ ਸਾਰੇ ਮੌਸਮਾਂ 'ਚ ਤਾਪਮਾਨ ਦਾ ਅਧਿਐਨ ਕੀਤਾ। ਖੋਜ ਦੇ ਸਹਿ-ਲੇਖਕ ਪ੍ਰੋ. ਜੈ ਨਾਰਾਇਣ ਕੁੱਟੀਪੁਰਥ ਨੇ ਕਿਹਾ ਕਿ ਸਾਡੇ ਅਧਿਐਨ ਤੋਂ ਮਿਲੇ ਸਬੂਤ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਜੇ ਹਰਿਆਲੀ ਹੋਵੇ ਤਾਂ ਸ਼ਹਿਰ 'ਚ ਤਾਪਮਾਨ ਘੱਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਅਨੁਕੂਲ ਸਮੱਗਰੀ ਨਾਲ ਇਮਾਰਤਾਂ ਦਾ ਨਿਰਮਾਣ ਕਰਨਾ ਵੀ ਮਦਦਗਾਰ ਸਾਬਤ ਹੋ ਸਕਦਾ ਹੈ।

DIsha

This news is Content Editor DIsha