ਭਾਰਤ 'ਚ TikTok ਬੈਨ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਤਰ੍ਹਾਂ ਦਿੱਤੀ ਅੰਤਿਮ ਵਿਦਾਈ

06/30/2020 12:32:12 PM

ਨੈਸ਼ਨਲ ਡੈਸਕ- ਭਾਰਤ ਨੇ ਸੋਮਵਾਰ ਨੂੰ ਚੀਨ ਨਾਲ ਸੰਬੰਧ ਰੱਖਣ ਵਾਲੀਆਂ 59 ਮੋਬਾਇਲ ਐਪ 'ਤੇ ਪਾਬੰਦੀ ਲੱਗਾ ਦਿੱਤੀ, ਜਿਸ 'ਚ ਲੋਕਪ੍ਰਿਯ ਟਿਕ-ਟਾਕ ਅਤੇ ਯੂ.ਸੀ. ਬ੍ਰਾਊਜ਼ਰ ਵਰਗੇ ਐਪ ਵੀ ਸ਼ਾਮਲ ਹਨ। ਸਰਕਾਰ ਨੇ ਕਿਹਾ ਕਿ ਇਹ ਐਪ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਹਾਨੀਕਾਰਕ ਹੈ। ਟਿਕ-ਟਾਕ ਬੈਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਵੀਟਸ ਦੀ ਲਾਈਨ ਲੱਗ ਗਈ ਹੈ। ਟਵਿੱਟਰ 'ਤੇ #RIPTikTok ਟਰੈਂਡ ਕਰ ਰਿਹਾ ਹੈ। ਉੱਥੇ ਹੀ ਲੋਕ ਫਨੀ ਮੀਮਜ਼ ਸ਼ੇਅਰ ਕਰ ਕੇ ਟਿਕ-ਟਾਕ ਨੂੰ ਭਾਰਤ ਤੋਂ ਆਖਰੀ ਵਿਦਾਈ ਦੇ ਰਹੇ ਹਨ।

ਕਿਸੇ ਨੇ ਲਿਖਿਆ ਕਿ ਚਾਈਨਾ ਹੁਣ ਤੂੰ ਬਚ ਕੇ ਰਹੀਂ। ਉੱਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਨੂੰ ਮਾਣ ਹੈ ਕਿ ਮੈਂ ਟਿਕ-ਟਾਕ ਯੂਜ਼ਰ ਨਹੀਂ ਹਾਂ। ਕਿਸੇ ਨੇ ਮੀਮ ਸ਼ੇਅਰ ਕਰਦੇ ਹੋਏ ਲਿਖਿਆ ਕਿ ਹੁਣ ਤੁਹਾਡਾ ਕੀ ਹੋਵੇਗਾ ਟਿਕ-ਟਾਕ ਵਾਲਿਓ। ਅਜਿਹੇ ਹੀ ਫਨੀ ਕਮੈਂਟ ਅਤੇ ਮੀਮਜ਼ ਸ਼ੇਅਰ ਕਰ ਕੇ ਲੋਕ ਟਿਕ-ਟਾਕ ਨੂੰ ਭਾਰਤ ਤੋਂ ਅਲਵਿਦਾ ਕਹਿ ਰਹੇ ਹਨ।

ਦੱਸਣਯੋਗ ਹੈ ਕਿ ਲੱਦਾਖ 'ਚ ਚੀਨ ਨਾਲ ਪਿਛਲੇ ਇਕ ਮਹੀਨੇ ਤੋਂ ਚੱਲ ਰਹੇ ਵਿਵਾਦ ਦਰਮਿਆਨ ਚੀਨੀ ਐਪ ਬੈਨ ਕਰਨ ਦਾ ਫੈਸਲਾ ਲਿਆ ਗਿਆ ਹੈ। ਬੈਨ ਸੂਚੀ 'ਚ ਵੀਚੈੱਟ, ਬੀਗੋ ਲਾਈਵ, ਹੈਲੋ, ਲਾਈਕ, ਕੈਮ ਸਕੈਨਰ, ਵੀਗੋ ਵੀਡੀਓ, ਐੱਮ.ਆਈ. ਵੀਡੀਓ ਕਾਲ-ਸ਼ਾਓਮੀ, ਐੱਮ.ਆਈ. ਕਮਿਊਨਿਟੀ, ਕਲੈਸ਼ ਆਫ ਕਿੰਗਸ ਨਾਲ ਹੀ ਈ-ਕਾਮਰਸ ਪਲੇਟਫਾਰਮ ਕਲੱਬ ਫੈਕਟਰੀ ਅਤੇ ਸ਼ੀਇਨ ਸ਼ਾਮਲ ਹੈ।

ਆਈ.ਟੀ. ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਉਸ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ 'ਚ ਐਂਡ੍ਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮ 'ਤੇ ਉਪਲੱਬਧ ਕੁਝ ਮੋਬਾਇਲ ਐਪ ਦੀ ਗਲਤ ਵਰਤੋਂ ਬਾਰੇ ਕਈ ਰਿਪੋਰਟ ਸ਼ਾਮਲ ਹਨ। ਇਨ੍ਹਾਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਐਪ ਉਪਭੋਗਤਾਵਾਂ ਦੇ ਡਾਟਾ ਨੂੰ ਚੋਰੀ ਕਰ ਕੇ, ਉਨ੍ਹਾਂ ਨੂੰ ਗੁਪਤ ਤਰੀਕੇ ਨਾਲ ਭਾਰਤ ਦੇ ਬਾਹਰ ਸਥਿਤ ਸਰਵਰ ਨੂੰ ਭੇਜਦੇ ਹਨ।''

DIsha

This news is Content Editor DIsha