ਭਾਰਤ ਤੇ ਸ਼੍ਰੀਲੰਕਾ ਦੇ ਸਬੰਧ ਵੱਖ-ਵੱਖ ਖੇਤਰਾਂ ’ਚ ਹੋ ਰਹੇ ਹਨ ਹੋਰ ਮਜ਼ਬੂਤ : ਮੋਦੀ

10/21/2021 10:53:28 AM

ਕੁਸ਼ੀਨਗਰ- ਸ਼੍ਰੀਲੰਕਾ ਦੇ ਕੈਬਨਿਟ ਮੰਤਰੀ ਨਮਲ ਰਾਜਪਕਸ਼ੇ, ਮੰਤਰੀ ਸਹਿਯੋਗੀਆਂ ਅਤੇ ਲਗਭਗ 100 ਬੌਧ ਭਿਖਸ਼ੂਆਂ ਦਾ ਇਕ ਸਮੂਹ ਬੁੱਧਵਾਰ ਨੂੰ ਹਵਾਈ ਅੱਡੇ ਉਦਘਾਟਨ ਸਮਾਰੋਹ ’ਚ ਹਿੱਸਾ ਲੈਣ ਲਈ ਕੁਸ਼ੀਨਗਰ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਿਆ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ’ਚ ਇਕ ਪ੍ਰੋਗਰਾਮ ’ਚ ਸ਼੍ਰੀਲੰਕਾ ਦੇ ਖੇਡ ਮੰਤਰੀ ਅਤੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਪੁੱਤਰ ਦਾ ਸਵਾਗਤ ਕੀਤਾ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਸ਼੍ਰੀਲੰਕਾ ਦੇ ਖੇਡ ਮੰਤਰੀ ਨਮਲ ਰਾਜਪਕਸ਼ੇ ਨੇ ਹਵਾਈ ਅੱਡੇ ’ਤੇ ਸਭ ਤੋਂ ਪਹਿਲਾਂ ਸ਼੍ਰੀਲੰਕਾਈ ਏਅਰਲਾਈਨਜ਼ ਨੂੰ ਸੱਦਾ ਦੇਣ ਅਤੇ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੁਸ਼ੀਨਗਰ ’ਚ ਇਕ ਕੌਮਾਂਤਰੀ ਹਵਾਈ ਅੱਡੇ ਨੂੰ ਖੋਲ੍ਹਣਾ ਵਿਸ਼ੇਸ਼ ਰੂਪ ਨਾਲ ਸ਼੍ਰੀਲੰਕਾਈ ਏਅਰਲਾਈਨਜ਼ ਨੂੰ ਹਵਾਈ ਅੱਡੇ ’ਤੇ ਉਤਰਨ ਵਾਲੇ ਪਹਿਲੇ ਕੌਮਾਂਤਰੀ ਵਾਹਕ ਦੇ ਰੂਪ ’ਚ ਸੱਦਾ ਦੇਣਾ ਇਕ ਮਹਾਨ ਇਸ਼ਾਰਾ ਹੈ। ਸਾਡਾ ਮੰਨਣਾ ਹੈ ਕਿ ਬੌਧ ਤੀਰਥ ਯਾਤਰਾ ਲਈ ਭਾਰਤ ਦੀ ਯਾਤਰਾ ਕਰਨ ਵਾਲੇ ਕਈ ਯਾਤਰੀ ਹਨ। ਬੌਧਾਂ ਲਈ ਅਜਿਹੇ ਪਵਿੱਤਰ ਸਥਾਨ ’ਤੇ ਹਵਾਈ ਅੱਡਾ ਖੋਲ੍ਹਣ ਨਾਲ ਨਾ ਸਿਰਫ਼ ਸ਼੍ਰੀਲੰਕਾ ਦੇ ਬੌਧਾਂ ਨੂੰ ਸਗੋਂ ਦੁਨੀਆ ਭਰ ਦੇ ਬੌਧ ਤੀਰਥ ਯਾਤਰੀਆਂ ਨੂੰ ਵੀ ਲਾਭ ਹੋਵੇਗਾ। 

ਕੁਸ਼ੀਨਗਰ ਕੌਮਾਂਤਰੀ ਹਵਾਈ ਅੱਡੇ ਦੀ ਪਟੜੀ ਸੂਬੇ ਦੇ ਸਭ ਹਵਾਈ ਅੱਡਿਆਂ ਦੀ ਪਟੜੀ ਤੋਂ ਵੱਡੀ
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਸ਼ੀਨਗਰ ਨੂੰ ਕੌਮਾਂਤਰੀ ਹਵਾਈ ਅੱਡੇ ਸਮੇਤ ਕਈ ਵਿਕਾਸ ਯੋਜਨਾਵਾਂ ਦੀ ਬੁੱਧਵਾਰ ਸੌਗਾਤ ਦਿੱਤੀ। 589 ਏਕੜ ’ਚ 260 ਕਰੋੜ ਰੁਪਏ ਦੀ ਲਾਗਤ ਨਾਲ ਕੁਸ਼ੀਨਗਰ ਵਿਖੇ ਹਵਾਈ ਅੱਡੇ ਨੂੰ ਲੋਕਾਂ ਨੂੰ ਸਮਰਪਿਤ ਕਰਨ ਦੇ ਨਾਲ ਹੀ ਉੱਤਰ ਪ੍ਰਦੇਸ਼ ਸਭ ਤੋਂ ਵੱਧ ਹਵਾਈ ਅੱਡਿਆਂ ਵਾਲਾ ਸੂਬਾ ਬਣ ਗਿਆ ਹੈ। ਇਸ ਹਵਾਈ ਅੱਡੇ ਦੇ ਉਦਘਾਟਨ ਪਿੱਛੋਂ ਬੌਧ ਪਰਿਪੱਥ ਦੇ ਲੁੰਬਿਨੀ, ਬੋਧਗਯਾ, ਸਾਰਨਾਥ, ਕੁਸ਼ੀਨਗਰ, ਸ਼ਰਾਵਸਤੀ, ਰਾਜਗੀਰ, ਸੰਕਿਸਾ ਤੇ ਵੈਸ਼ਾਲੀ ਦੀ ਯਾਤਰਾ ਘੱਟ ਸਮੇਂ ’ਚ ਪੂਰੀ ਕੀਤੀ ਜਾਵੇਗੀ। ਕੁਸ਼ੀਨਗਰ ਕੌਮਾਂਤਰੀ ਹਵਾਈ ਅੱਡਾ ਸੂਬੇ ਦਾ ਤੀਜਾ ਕੌਮਾਂਤਰੀ ਹਵਾਈ ਅੱਡਾ ਹੈ। ਇਸ ਦੀ ਪਟੜੀ ਉੱਤਰ ਪ੍ਰਦੇਸ਼ ਦੇ ਸਾਰੇ ਹਵਾਈ ਅੱਡਿਆਂ ਤੋਂ ਵੱਡੀ ਹੈ। ਇਸ ’ਤੇ ਵਾਈਡ ਬਾਡੀ ਏਅਰਕ੍ਰਾਫਟ ਵੀ ਆਸਾਨੀ ਨਾਲ ਉਤਰ ਸਕਦੇ ਹਨ। ਕੁਸ਼ੀਨਗਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਇਸ ਦਾ ਸਿੱਧਾ ਸੰਪਰਕ ਸਥਾਪਤ ਹੋ ਜਾਵੇਗਾ। ਇੰਝ ਸ਼੍ਰੀਲੰਕਾ, ਜਾਪਾਨ, ਤਾਈਵਾਨ, ਦੱਖਣੀ ਕੋਰੀਆ, ਚੀਨ, ਥਾਈਲੈਂਡ, ਵੀਅਤਨਾਮ ਤੇ ਸਿੰਗਾਪੁਰ ਤੋਂ ਆਉਣ ਵਾਲੇ ਸੈਲਾਨੀਆਂ ਲਈ ਕੁਸ਼ੀਨਗਰ ਪਹੁੰਚਣਾ ਅਤੇ ਇਲਾਕੇ ਦੀ ਖੁਸ਼ਹਾਲ ਵਿਰਾਸਤ ਨੂੰ ਮਹਿਸੂਸ ਕਰਨਾ ਸੌਖਾ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ’ਤੇ ਕਿਹਾ ਕਿ ਕੁਸ਼ੀਨਗਰ ਦਾ ਹਵਾਈ ਅੱਡਾ ਬਣਨ ਨਾਲ ਕਿਸਾਨਾਂ, ਦੁਕਾਨਦਾਰਾਂ, ਉੱਦਮੀਆਂ ਤੇ ਹੋਰਨਾਂ ਨੂੰ ਲਾਭ ਮਿਲੇਗਾ। ਉਨ੍ਹਾਂ ਸ਼੍ਰੀਲੰਕਾ ਦੇ ਮੰਤਰੀ ਨਮਲ ਰਾਜਪਕਸ਼ੇ ਨਾਲ ਬੈਠਕ ਪਿੱਛੋਂ ਕਿਹਾ ਕਿ ਭਾਰਤ ਤੇ ਸ਼੍ਰੀਲੰਕਾ ਦੇ ਸਬੰਧ ਵੱਖ-ਵੱਖ ਖੇਤਰਾਂ ਵਿਚ ਹੋਰ ਮਜ਼ਬੂਤ ਹੋ ਰਹੇ ਹਨ। ਦੋਹਾਂ ਦੇਸ਼ਾਂ ਦੇ ਲੋਕਾਂ ਲਈ ਇਹ ਸ਼ੁੱਭ ਸੰਕੇਤ ਹੈ। ਉਨ੍ਹਾਂ ਮਹਾਪਰਿਨਿਰਵਾਣ ਥਾਂ ’ਤੇ ਮਹਾਤਮਾ ਬੁੱਧ ਦੀ ਮੂਰਤੀ ’ਤੇ ‘ਚੀਵਰ’ ਚੜ੍ਹਾਇਆ ਅਤੇ ਭਿਖਸ਼ੂਆਂ ਨੂੰ ‘ਚੀਵਰ ਦਾਨ’ ਕੀਤਾ। ਮੋਦੀ ਨੇ ਇਸ ਸਮਾਰੋਹ ਨੂੰ ਸੰਬੋਧਨ ਵੀ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ 180.6 ਕਰੋੜ ਰੁਪਏ ਦੀ ਲਾਗਤ ਨਾਲ 12 ਯੋਜਨਾਵਾਂ ਦਾ ਨੀਂਹ-ਪੱਥਰ ਰੱਖਿਆ ਜਾਂ ਉਨ੍ਹਾਂ ਨੂੰ ਲੋਕਾਂ ਲਈ ਸਮਰਪਿਤ ਕੀਤਾ। 281 ਕਰੋੜ ਰੁਪਏ ਨਾਲ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਦਾ ਵੀ ਉਨ੍ਹਾਂ ਨੀਂਹ-ਪੱਥਰ ਰੱਖਿਆ।

DIsha

This news is Content Editor DIsha