ਵਿਗਿਆਨੀਆਂ ਨੇ ਕੱਢੀ ਨਵੀਂ ਕਾਢ, ਕਈ ਮਹੀਨਿਆਂ ਪਹਿਲਾਂ ਮਿਲੇਗੀ ਸੋਕੇ ਦੀ ਚਿਤਾਵਨੀ

11/21/2019 6:02:13 PM

ਨਵੀਂ ਦਿੱਲੀ— ਸੋਕਾ ਦੁਨੀਆ 'ਚ ਸਭ ਤੋਂ ਖਤਰਨਾਕ ਕੁਦਰਤੀ ਆਫਤਾਵਾਂ 'ਚੋਂ ਇਕ ਹੈ। ਅੰਕੜੇ ਦੱਸਦੇ ਹਨ ਕਿ 1900 ਤੋਂ ਲੈ ਕੇ 2010 ਦਰਮਿਆਨ, ਦੁਨੀਆ ਭਰ 'ਚ ਕਰੀਬ 2 ਅਰਬ ਲੋਕ ਇਸ ਤੋਂ ਪ੍ਰਭਾਵਿਤ ਹੋ ਚੁਕੇ ਹਨ। ਜਦਕਿ ਇਸ ਦੇ ਪ੍ਰਭਾਵਾਂ ਕਾਰਨ ਕਰੀਬ ਇਕ ਕਰੋੜ ਤੋਂ ਵੀ ਵਧ ਲੋਕ ਆਪਣੀ ਜਾਨ ਗਵਾ ਚੁਕੇ ਹਨ। ਭਾਰਤ 'ਚ ਵੀ ਸੋਕੇ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਇੱਥੇ ਸੋਕਾ ਹਰ ਸਾਲ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਦਕਿ ਕਈ ਕਿਸਾਨ ਇਸ ਕਾਰਨ ਖੁਦਕੁਸ਼ੀ ਕਰਨ ਤੱਕ ਲਈ ਮਜ਼ਬੂਰ ਹੋ ਜਾਂਦੇ ਹਨ। ਦੁਨੀਆ ਦੇ ਕਈ ਹਿੱਸਿਆਂ 'ਚ ਗਲੋਬਲ ਵਾਰਮਿੰਗ ਕਾਰਨ ਸੋਕੇ ਦੀ ਸਮੱਸਿਆ ਹੋਰ ਗੰਭੀਰ ਹੁੰਦੀ ਜਾ ਰਹੀ ਹੈ, ਇਹੀ ਕਾਰਨ ਹੈ ਇਸ ਤੋਂ ਹੋਣ ਵਾਲਾ ਨੁਕਸਾਨ ਹੀ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।

ਹਾਲਾਂਕਿ ਦੁਨੀਆ ਭਰ 'ਚ ਸੋਕੇ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਨਿਗਰਾਨੀ ਅਤੇ ਚਿਤਾਵਨੀ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ। ਹਾਲੇ ਤੱਕ ਵਿਕਸਿਤ ਚਿਤਾਵਨੀ ਪ੍ਰਣਾਲੀ ਸਿਰਫ਼ ਕੁਦਰਤੀ ਖਤਰੇ ਦੇ ਰੂਪ 'ਚ ਹੀ ਸੋਕੇ ਦੀ ਸ਼ੁਰੂਆਤੀ ਚਿਤਾਵਨੀ ਦਿੰਦੀ ਹੈ ਪਰ ਇਹ ਸੋਕੇ ਦੇ ਪ੍ਰਭਾਵਾਂ, ਉਸ ਦੀ ਗੰਭੀਰਤਾ ਅਤੇ ਖਤਰੇ ਬਾਰੇ ਸਿੱਧੇ ਤੌਰ 'ਤੇ ਕੁਝ ਨਹੀਂ ਦੱਸਦੀ। ਹਾਲਾਂਕਿ ਇਹ ਜਾਣਕਾਰੀ ਜਲ ਪ੍ਰਬੰਧਨ ਅਤੇ ਨੀਤੀ ਬਣਾਉਣ ਵਾਲਿਆਂ ਲਈ ਬਹੁਤ ਮਹੱਤਵਪੂਰਨ ਹੈ, ਇਸ ਦੀ ਮਦਦ ਨਾਲ ਉਹ ਸੋਕੇ ਨੂੰ ਬਿਹਤਰ ਤਰੀਕੇ ਨਾਲ ਸਮਝ ਕੇ ਤਿਆਰੀ ਕਰ ਸਕਦੇ ਹਨ।

ਵਿਗਿਆਨੀਆਂ ਵਲੋਂ ਬਣਾਈ ਗਈ ਪ੍ਰਣਾਲੀ ਮਹੀਨਿਆਂ ਪਹਿਲਾਂ ਹੀ ਸੋਕੇ ਦੇ ਪ੍ਰਭਾਵਾਂ ਨੂੰ ਦੱਸ ਸਕਦੀ ਹੈ। ਇਸ ਦੇ ਵਿਸ਼ੇ 'ਚ ਪੂਰਾ ਅਧਿਐਨ ਜਨਰਲ ਨੇਚਰ ਕਮਿਊਨੀਕੇਸ਼ਨਜ਼ 'ਚ ਛਪਿਆ ਹੈ। ਇਹ ਅਧਿਐਨ ਵੈਗਨਿੰਗੇਨ ਯੂਨੀਵਰਸਿਟੀ ਦੇ ਸੋਧਕਰਤਾਵਾਂ ਵਲੋਂ ਕੀਤਾ ਗਿਆ ਹੈ। ਸੰਪੂਰਨ ਯੂਰਪ 'ਤੇ ਕੀਤੇ ਗਏ ਇਸ ਅਧਿਐਨ ਅਨੁਸਾਰ ਇਸ ਪ੍ਰਣਾਲੀ ਨਾਲ ਸੋਕੇ ਦੇ ਪ੍ਰਭਾਵਾਂ ਦਾ ਪਤਾ 2 ਤੋਂ 4 ਮਹੀਨੇ ਪਹਿਲਾਂ ਹੀ ਲਗਾਇਆ ਜਾ ਸਕਦਾ ਹੈ। ਭਵਿੱਖ 'ਚ ਇਸ ਤਰ੍ਹਾਂ ਦੀਆਂ ਪ੍ਰਣਾਲੀਆਂ ਸੋਕੇ ਨਾਲ ਨਜਿੱਠਣ ਅਤੇ ਜਲ ਪ੍ਰਬੰਧਨ 'ਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਨਾਲ ਹੀ ਇਹ ਏਸ਼ੀਆ ਅਤੇ ਅਫਰੀਕਾ ਦੇ ਉਨ੍ਹਾਂ ਕਰੋੜਾਂ ਲੋਕਾਂ ਲਈ ਵਰਦਾਨ ਸਾਬਤ ਹੋ ਸਕਦੀਆਂ ਹਨ। ਜੋ ਹਰ ਸਾਲ ਸੋਕੇ ਕਾਰਨ ਆਪਣਾ ਘਰ-ਜ਼ਮੀਨ ਅਤੇ ਜਾਨਵਰ ਤੱਕ ਵੇਚਣ ਲਈ ਮਜ਼ਬੂਰ ਹੋ ਜਾਂਦੇ ਹਨ।


DIsha

Content Editor

Related News