ਭਾਰਤ ਨੇ ਚੁੱਕੀ ਮੰਗ, SFJ ''ਤੇ ਬੈਨ ਲਾਵੇ ਪਾਕਿਸਤਾਨ

07/14/2019 6:26:42 PM

ਨਵੀਂ ਦਿੱਲੀ (ਵਾਰਤਾ)— ਭਾਰਤ ਨੇ ਪਾਕਿਸਤਾਨ ਨੂੰ ਉਸ ਦੇ ਇੱਥੇ ਖਾਲਿਸਤਾਨ ਸਮਰਥਕ ਵੱਖਵਾਦੀ ਸੰਗਠਨ (ਸਿੱਖਸ ਫਾਰ ਜਸਟਿਸ) ਯਾਨੀ ਕਿ ਐੱਸ. ਐੱਫ. ਜੇ. 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇੱਥੇ ਦੱਸ ਦੇਈਏ ਕਿ ਵਿਦੇਸ਼ਾਂ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਹੇ ਇਸ ਸੰਗਠਨ 'ਤੇ ਭਾਰਤ ਨੇ ਬੀਤੀ 10 ਜੂਨ 2019 ਨੂੰ 5 ਸਾਲਾਂ ਲਈ ਪਾਬੰਦੀ ਲਾਈ ਸੀ। ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਨਾਲ ਅੱਜ ਵਾਹਗਾ ਬਾਰਡਰ 'ਤੇ ਹੋਈ ਦੂਜੇ ਦੌਰ ਦੀ ਗੱਲਬਾਤ ਦੌਰਾਨ ਭਾਰਤ ਨੇ ਇਹ ਮੰਗ ਰੱਖੀ। ਗੱਲਬਾਤ ਵਿਚ ਭਾਰਤੀ ਵਫਦ ਦੀ ਅਗਵਾਈ ਕਰਨ ਵਾਲੇ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਸ. ਸੀ. ਐੱਲ. ਦਾਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਨੇ ਇਸ ਮੰਗ ਨੂੰ ਮਜ਼ਬੂਤੀ ਨਾਲ ਰੱਖਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ, ''ਉਹ (ਪਾਕਿਸਤਾਨ) ਇਸ 'ਤੇ ਕਦਮ ਚੁੱਕਣਗੇ।''



ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਗੱਲਬਾਤ ਬਾਰੇ ਜਾਰੀ ਬਿਆਨ 'ਚ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਜ਼ਮੀਨ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਨਹੀਂ ਹੋਣ ਦੇਵੇਗਾ। ਉਹ ਨਿਊਯਾਰਕ ਸਥਿਤ ਅਤੇ ਪਾਕਿਸਤਾਨ 'ਚ ਵੀ ਸਰਗਰਮ ਸਿੱਖਸ ਫਾਰ ਜਸਟਿਸ ਸੰਗਠਨ 'ਤੇ ਪਾਬੰਦੀ ਲਾਉਣ ਦੀ ਭਾਰਤ ਦੀ ਮੰਗ ਨੂੰ ਵੀ ਧਿਆਨ 'ਚ ਲਵੇਗਾ। ਦਾਸ ਨੇ ਅੱਗੇ ਕਿਹਾ ਕਿ ਅਸੀਂ ਚੀਜ਼ਾਂ 'ਤੇ ਨਿਸ਼ਚਿਤ ਰੂਪ ਨਾਲ ਸਖਤ ਨਜ਼ਰ ਰੱਖਾਂਗੇ ਅਤੇ ਅੱਜ ਹੋਈ ਗੱਲਬਾਤ ਮੁਤਾਬਕ ਕਦਮ ਚੁੱਕਾਂਗੇ। ਇਸ 'ਚ ਢਿੱਲ ਨਹੀਂ ਵਰਤੀ ਜਾਵੇਗੀ। ਅਸੀਂ ਹਾਲਾਤ 'ਤੇ ਨੇੜਿਓਂ ਨਜ਼ਰ ਰੱਖਾਂਗੇ। ਇੱਥੇ ਦੱਸ ਦੇਈਏ ਕਿ ਦੋਹਾਂ ਦੇਸ਼ਾਂ ਦਰਮਿਆਨ ਗੱਲਬਾਤ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਨੇ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਕਰਤਾਰਪੁਰ ਲਾਂਘੇ ਨਾਲ ਸੰਬੰਧਤ ਅਧਿਕਾਰਤ ਪੈਨਲ ਤੋਂ ਹਟਾ ਦਿੱਤਾ ਪਰ ਉਸ ਦੀ ਥਾਂ ਇਕ ਨਵੇਂ ਮੈਂਬਰ ਅਮੀਰ ਸਿੰਘ ਨੂੰ ਪੈਨਲ ਵਿਚ ਥਾਂ ਦਿੱਤੀ ਹੈ। ਭਾਰਤ ਨੇ ਚਾਵਲਾ ਨੂੰ ਪੈਨਲ ਵਿਚ ਰੱਖਣ ਦਾ ਵਿਰੋਧ ਕੀਤਾ ਸੀ।

Tanu

This news is Content Editor Tanu