'ਕੋਰੋਨਾ ਵਾਇਰਸ' ਦਾ ਕਹਿਰ ਜਾਰੀ, ਦੇਸ਼ 'ਚ ਪੀੜਤਾਂ ਦੀ ਗਿਣਤੀ 5 ਹਜ਼ਾਰ ਤੋਂ ਪਾਰ

04/08/2020 10:40:55 AM

ਨਵੀਂ ਦਿੱਲੀ— ਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬੁੱਧਵਾਰ ਭਾਵ ਅੱਜ ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 5,194 ਹੋ ਗਈ ਹੈ, ਜਦਕਿ 149 ਲੋਕ ਇਸ ਖਤਰਨਾਕ ਵਾਇਰਸ ਤੋਂ ਆਪਣੀ ਜਾਨ ਗੁਆ ਚੁੱਕੇ ਹਨ। ਸਿਹਤ ਮੰਤਰਾਲਾ ਮੁਤਾਬਕ ਇਸ ਵਾਇਰਸ ਤੋਂ 401 ਲੋਕ ਠੀਕ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ 4643 ਮਾਮਲੇ ਸਰਗਰਮ ਹਨ। ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 773 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਰਿਕਾਰਡ10 ਮੌਤਾਂ ਹੋਈਆਂ ਹਨ। ਦੱਸ ਦੇਈਏ ਕਿ ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਹੈ, ਕਿਉਂਕਿ ਵਾਇਰਸ ਤੋਂ ਬਚਣ ਦਾ ਇਹ ਹੀ ਇਕੋ-ਇਕ ਉਪਾਅ ਹੈ।

ਸਿਹਤ ਮੰਤਰਾਲਾ ਨੇ ਕੱਲ ਆਪਣੀ ਪ੍ਰੈੱਸ ਕਾਨਫਰੰਸ 'ਚ ਸਾਫ ਕੀਤਾ ਸੀ ਕਿ ਜੇਕਰ ਕੋਰੋਨਾ ਪਾਜ਼ੀਟਿਵ ਮਰੀਜ਼ ਲਾਕਡਾਊਨ ਦਾ ਪਾਲਣ ਨਹੀਂ ਕਰਦਾ ਹੈ ਤਾਂ ਉਹ 1 ਮਹੀਨੇ 'ਚ 406 ਮਰੀਜ਼ਾਂ ਨੂੰ ਪੀੜਤ ਕਰ ਸਕਦਾ ਹੈ। ਇਸ ਦੇ ਨਾਲ ਹੀ ਮੰਤਰਾਲਾ ਨੇ ਲੋਕਾਂ ਨੂੰ ਲਾਕਡਾਊਨ ਨੂੰ ਸਫਲ ਬਣਾਉਣ ਅਤੇ ਵਾਰ-ਵਾਰ ਆਪਣੇ ਹੱਥਾਂ ਨੂੰ ਧੋਣ ਦੀ ਸਲਾਹ ਦਿੱਤੀ ਹੈ। ਇਹ ਵਾਇਰਸ ਸਾਡੇ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ, ਇਸ ਗੱਲ ਦਾ ਅੰਦਾਜ਼ਾ ਅਸੀਂ ਦੂਜੇ ਦੇਸ਼ਾਂ ਤੋਂ ਲਾ ਸਕਦੇ ਹਾਂ, ਜਿਨ੍ਹਾਂ ਨੇ ਕੋਰੋਨਾ ਨੂੰ ਹਲਕੇ 'ਚ ਲਿਆ ਹੈ।

ਇਹ ਵੀ ਪੜ੍ਹੋ : ਵਿਸ਼ਵ ਭਰ 'ਚ 82 ਹਜ਼ਾਰ ਮੌਤਾਂ, ਚੀਨ 'ਚ 62 ਨਵੇਂ ਮਾਮਲੇ, ਜਾਣੋ ਹੋਰ ਦੇਸ਼ਾਂ ਦਾ ਹਾਲ

ਚੀਨ ਤੋਂ ਫੈਲਿਆ ਇਹ ਜਾਨਲੇਵਾ ਵਾਇਰਸ ਦੁਨੀਆ ਦੇ ਤਮਾਮ ਦੇਸ਼ਾਂ 'ਚ ਆਪਣੀ ਦਸਤਕ ਦੇ ਚੁੱਕਾ ਹੈ। ਇਟਲੀ, ਅਮਰੀਕਾ, ਸਪੇਨ, ਫਰਾਂਸ ਇਸ ਵਾਇਰਸ ਤੋਂ ਸਭ ਤੋਂ ਜ਼ਿਆਦਾ ਮਾਰ ਝੱਲ ਰਹੇ ਹਨ। ਦੁਨੀਆ ਭਰ 'ਚ ਇਸ ਵਾਇਰਸ ਕਾਰਨ ਹੁਣ ਤਕ 82,074 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੀੜਤ ਮਰੀਜ਼ਾਂ ਦੀ ਗਿਣਤੀ 14 ਲੱਖ ਤੋਂ ਪਾਰ ਹੋ ਗਈ ਹੈ। ਡਾਕਟਰ, ਪੁਲਸ ਦੀ ਅਪੀਲ ਹੈ ਕਿ ਆਪਣੇ ਘਰਾਂ 'ਚ ਰਹੋ, ਸੁਰੱਖਿਅਤ ਰਹੋ, ਕਿਉਂਕਿ ਉਹ ਸਾਡੇ ਜਾਂ ਤੁਹਾਡੇ ਕਰ ਕੇ ਹੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡਿਊਟੀ ਨਿਭਾ ਰਹੇ ਹਨ।

Tanu

This news is Content Editor Tanu