ਭਾਰਤ ਦੁਨੀਆ ਦਾ 8ਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼, ਟਾਪ 100 ’ਚ ਦੱਖਣੀ ਏਸ਼ੀਆ ਦੇ 72 ਸ਼ਹਿਰ

03/15/2023 10:00:35 AM

ਨਵੀਂ ਦਿੱਲੀ(ਅਨਸ)- ਭਾਰਤ 2022 ’ਚ ਦੁਨੀਆ ਦਾ 8ਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਰਿਹਾ। 2021 ’ਚ ਅਸੀਂ 5ਵੇਂ ਨੰਬਰ ’ਤੇ ਸੀ। ਹਵਾ ’ਚ ਪ੍ਰਦੂਸ਼ਣ ਨਾਪਣ ਦੀ ਇਕਾਈ ਯਾਨੀ ਪੀ. ਐੱਮ. 2.5 ’ਚ ਵੀ ਗਿਰਾਵਟ ਆਈ ਹੈ। ਇਹ 53.3 ਮਾਈਕ੍ਰੋਗ੍ਰਾਮ/ਕਿਊਬਿਕ ਮੀਟਰ ਹੋ ਗਿਆ ਹੈ। ਹਾਲਾਂਕਿ ਚਿੰਤਾ ਦੀ ਗੱਲ ਇਹ ਹੈ ਕਿ ਇਹ ਅਜੇ ਵੀ ਵਿਸ਼ਵ ਸਿਹਤ ਸੰਗਠਨ ਦੀ ਸੇਫ ਲਾਈਨ (5) ਨਾਲੋਂ 10 ਗੁਣਾ ਤੋਂ ਵੀ ਜ਼ਿਆਦਾ ਹੈ।

ਹਵਾ ’ਚ ਪ੍ਰਦੂਸ਼ਣ ਦੀ ਜਾਂਚ ਕਰਨ ਵਾਲੀ ਸਵਿੱਸ ਏਜੰਸੀ ਆਈ. ਕਿਊ. ਏਅਰ ਨੇ ਮੰਗਲਵਾਰ ਨੂੰ ਵਰਲਡ ਏਅਰ ਕੁਆਲਿਟੀ ਰਿਪੋਰਟ ਜਾਰੀ ਕੀਤੀ। ਇਸ ’ਚ 131 ਦੇਸ਼ਾਂ ਦਾ ਡਾਟਾ 30,000 ਤੋਂ ਜ਼ਿਆਦਾ ਗਰਾਊਂਡ ਬੇਸ ਮਾਨੀਟਰਾਂ ਤੋਂ ਲਿਆ ਗਿਆ ਹੈ। ਇਸ ਰਿਪੋਰਟ ’ਚ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ’ਚ 19 ਏਸ਼ੀਆ ਦੇ ਹਨ, ਜਿਨ੍ਹਾਂ ’ਚ 14 ਭਾਰਤੀ ਸ਼ਹਿਰ ਹਨ।

ਨਵੀਂ ਦਿੱਲੀ ਹੁਣ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਨਹੀਂ

ਹੁਣ ਤੱਕ ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਸੀ ਪਰ ਇਸ ਸਾਲ ਆਈ. ਕਿਊ. ਏਅਰ ਨੇ ਦਿੱਲੀ ਦਾ ਦੋ ਹਿੱਸਿਆਂ ’ਚ ਸਰਵੇ ਕੀਤਾ। ਇਕ ਨਵੀਂ ਦਿੱਲੀ ਅਤੇ ਦੂਜਾ ਦਿੱਲੀ। ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਦਿੱਲੀ ਚੌਥੇ ਅਤੇ ਨਵੀਂ ਦਿੱਲੀ 9ਵੇਂ ਸਥਾਨ ’ਤੇ ਹੈ। 8ਵੇਂ ਨੰਬਰ ’ਤੇ ਅਫਰੀਕੀ ਦੇਸ਼ ਚਾਡ ਦੀ ਰਾਜਧਾਨੀ ਅਨਜਾਮੇਨਾ ਹੈ।

ਟਾਪ 100 ’ਚ 72 ਸ਼ਹਿਰ ਦੱਖਣੀ ਏਸ਼ੀਆ ਦੇ

ਸਭ ਤੋਂ ਪ੍ਰਦੂਸ਼ਿਤ 100 ਸ਼ਹਿਰਾਂ ’ਚੋਂ 72 ਦੱਖਣ ਏਸ਼ੀਆ ਦੇ ਹਨ। ਇਨ੍ਹਾਂ ’ਚ ਜ਼ਿਆਦਾਤਰ ਸ਼ਹਿਰ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਹਨ। ਰਿਪੋਰਟ ’ਚ ਦੱਖਣ ਏਸ਼ੀਆ ਨੂੰ ਹਵਾ ਪ੍ਰਦੂਸ਼ਣ ਦਾ ਕੇਂਦਰ ਦੱਸਿਆ ਗਿਆ ਹੈ।

ਦਿੱਲੀ ਪ੍ਰਦੂਸ਼ਿਤ ਪਰ ਐੱਨ. ਸੀ. ਆਰ. ’ਚ ਸੁਧਾਰ

ਦਿੱਲੀ ਦੇ ਨਾਲ ਲੱਗਦੇ ਐੱਨ. ਸੀ. ਆਰ. ’ਚ ਸ਼ਾਮਲ ਸ਼ਹਿਰ ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ’ਚ ਪ੍ਰਦੂਸ਼ਣ ਦੇ ਪੱਧਰ ’ਚ ਗਿਰਾਵਟ ਵੇਖੀ ਗਈ ਹੈ। ਔਸਤ ਪੀ. ਐੱਮ. 2.5 ਦੇ ਮੁਕਾਬਲੇ ਗੁਰੂਗ੍ਰਾਮ ’ਚ 34 ਫੀਸਦੀ, ਫਰੀਦਾਬਾਦ ’ਚ 21 ਫੀਸਦੀ ਤੱਕ ਸੁਧਾਰ ਹੋਇਆ। ਦਿੱਲੀ ’ਚ 8 ਫੀਸਦੀ ਹੀ ਸੁਧਾਰ ਆਇਆ ਹੈ।

Tanu

This news is Content Editor Tanu