ਈ-ਸਿਗਰਟ ''ਤੇ ਰੋਕ ਭਾਰਤ ਦਾ ਇਤਿਹਾਸਕ ਫੈਸਲਾ : ਅਮਰੀਕੀ ਸਮੂਹ

09/19/2019 9:33:15 AM

ਵਾਸ਼ਿੰਗਟਨ— ਨਸ਼ੀਲੇ ਪਦਾਰਥਾਂ ਖਿਲਾਫ ਮੁਹਿੰਮ ਚਲਾਉਣ ਵਾਲੇ ਇਕ ਅਮਰੀਕੀ ਸਮੂਹ ਨੇ ਕਿਹਾ ਕਿ ਈ-ਸਿਗਰਟ 'ਤੇ ਰੋਕ ਲਗਾਉਣ ਦਾ ਇਤਿਹਾਸਕ ਫੈਸਲਾ ਲੈ ਕੇ ਭਾਰਤ ਨੌਜਵਾਨਾਂ ਨੂੰ ਇਸ ਸਮੱਸਿਆ ਤੋਂ ਬਚਾਉਣ ਦੀ ਲੜਾਈ 'ਚ ਵਿਸ਼ਵ 'ਚ ਮੋਹਰੀ ਬਣ ਗਿਆ ਹੈ। 'ਕੈਂਪੇਨ ਫਾਰ ਟੋਬੈਕੋ-ਫ੍ਰੀ ਕਿਡਜ਼' ਦੇ ਪ੍ਰਧਾਨ ਮੈਥਿਊ ਐੱਲ ਮੇਅਰਜ਼ ਨੇ ਕਿਹਾ ਕਿ ਰਾਸ਼ਟਰ ਭਰ 'ਚ ਈ-ਸਿਗਰਟ ਦੀ ਵਿਕਰੀ, ਉਤਪਾਦਨ, ਨਿਰਯਾਤ ਅਤੇ ਮਸ਼ਹੂਰੀਆਂ 'ਤੇ ਰੋਕ ਲਗਾਉਣ ਦਾ ਭਾਰਤ ਦਾ ਫੈਸਲਾ ਨੌਜਵਾਨਾਂ ਨੂੰ ਨਿਕੋਟੀਨ ਦੀ ਆਦਤ ਤੋਂ ਬਚਾਉਣ ਦੀ ਦਿਸ਼ਾ 'ਚ ਚੰਗਾ ਕਦਮ ਹੈ।

ਉਨ੍ਹਾਂ ਨੇ ਭਾਰਤ ਸਰਕਾਰ ਦੇ ਇਸ ਫੈਸਲਾਕੁੰਨ ਕਦਮ ਦੀ ਸਿਫਤ ਕੀਤੀ। ਦੁਨੀਆ ਭਰ ਦੇ ਦੇਸ਼ਾਂ 'ਚ ਈ-ਸਿਗਰਟ ਦੇ ਤੇਜ਼ੀ ਨਾਲ ਪੁੱਜਣ ਨਾਲ ਉਨ੍ਹਾਂ ਸਰਕਾਰਾਂ ਨੂੰ ਨਵੀਂਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਤੋਂ ਬਚਾਉਣ ਅਤੇ ਤੰਬਾਕੂ ਦੀ ਵਰਤੋਂ ਘੱਟ ਕਰਨ ਨੂੰ ਲੈ ਕੇ ਸਮਰਪਿਤ ਹਨ। ਸਮੂਹ ਨੇ ਇਕ ਬਿਆਨ 'ਚ ਕਿਹਾ,''ਇਹ ਰੋਕ ਭਾਰਤ ਤੇ ਦੁਨੀਆ ਲਈ ਇਤਿਹਾਸਕ ਫੈਸਲਾ ਹੈ।'' ਮੇਅਰਜ਼ ਨੇ ਕਿਹਾ ਕਿ ਨੌਜਵਾਨਾਂ ਲਈ ਈ-ਸਿਗਰਟ ਦੀ ਵਰਤੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਨਿਕੋਟਿਨ ਦਾ ਕਿਸੇ ਵੀ ਰੂਪ 'ਚ ਇਸਤੇਮਾਲ ਨੁਕਸਾਨਦੇਹ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ 'ਚ ਈ-ਸਿਗਰਟ ਦੀ ਵਰਤੋਂ ਮਹਾਮਾਰੀ ਵਾਂਗ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨੂੰ ਨੌਜਵਾਨਾਂ ਵਿਚਕਾਰ ਇਸ ਦੇ ਪ੍ਰਯੋਗ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇਲੈਕਟ੍ਰੋਨਿਕ ਸਿਗਰਟ ਭਾਵ ਈ-ਸਿਗਰਟ ਦੇ ਉਤਪਾਦਨ, ਵਿਕਰੀ, ਸਟੋਰੇਜ ਅਤੇ ਦਰਾਮਦ-ਬਰਾਮਦ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਪੂਰਤੀ ਲਈ ਆਰਡੀਨੈਂਸ ਲਿਆਂਦਾ ਜਾਵੇਗਾ।